ਨਸ਼ੇੜੀ ਪੁਲਿਸ ਮੁਲਾਜ਼ਮ ਨੇ ਗੈਂਗਸਟਰਾਂ ਕੋਲ ਗਿਰਵੀ ਰੱਖ’ਤਾ ਸਰਕਾਰੀ ਰਿਵਾਲਵਰ

ਨਸ਼ੇੜੀ ਪੁਲਿਸ ਮੁਲਾਜ਼ਮ ਨੇ ਗੈਂਗਸਟਰਾਂ ਕੋਲ ਗਿਰਵੀ ਰੱਖ’ਤਾ ਸਰਕਾਰੀ ਰਿਵਾਲਵਰ

Punjab police, ASI, crime

ਵੀਓਪੀ ਬਿਊਰੋ- ਨਸ਼ੇ ਖ਼ਿਲਾਫ਼ ਲੜਾਈ ਲੜ ਰਹੀ ਪੰਜਾਬ ਪੁਲਿਸ ‘ਚ ਕੁਝ ਮੁਲਾਜ਼ਮ ਖ਼ੁਦ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਇਕ ਏਐੱਸਆਈ ਤਾਂ ਨਸ਼ੇ ਦੀ ਲੱਤ ‘ਚ ਇੰਨਾ ਧਸ ਚੁੱਕਿਆ ਸੀ ਕਿ ਉਸ ਨੇ ਨਸ਼ਾ ਖ਼ਰੀਦਣ ਲਈ ਰਿਵਾਲਵਰ ਗੈਂਗਸਟਰਾਂ ਕੋਲ ਦਸ ਹਜ਼ਾਰ ਰੁਪਏ ‘ਚ ਗਹਿਣੇ ਰੱਖ ਦਿੱਤੀ। ਇਸ ‘ਤੇ ਵੀ ਹੈਰਾਨੀ ਦੀ ਗੱਲ ਇਹ ਰਹੀ ਕਿ ਉਕਤ ਰਿਵਾਲਵਰ ਦੇ ਜ਼ੋਰ ‘ਤੇ ਇਹ ਗੁਰਗੇ 50 ਲੱਖ ਰੁਪਏ ਦੀ ਰੰਗਦਾਰੀ ਵਸੂਲਣ ਦੀ ਤਿਆਰੀ ‘ਚ ਸਨ। ਇਨ੍ਹਾਂ ਗੁਰਗਿਆਂ ਤੋਂ ਹੀ ਇਹ ਪਿਸਤੌਲ ਬਰਾਮਦ ਹੋਈ ਹੈ। ਸੱਚ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹੈਰਾਨ ਹੈ ਤੇ ਏਐੱਸਆਈ ਨੂੰ ਗ੍ਰਿਫ਼ਤਾਰ ਕਰ ਕੇ ਸਸਪੈਂਡ ਕਰ ਦਿੱਤਾ ਗਿਆ ਹੈ। ਡੀਜੀਪੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਪੰਜਾਬ ‘ਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ।

ਕੈਨੇਡਾ ‘ਚ ਬੈਠ ਕੇ ਪੰਜਾਬ ‘ਚ ਵਾਰਦਾਤਾਂ ਕਰਵਾਉਣ ਵਾਲੇ ਅੱਤਵਾਦੀ ਲਖਬੀਰ ਸਿੰਘ ਹਰੀਕੇ ਨੇ ਕੁਝ ਦਿਨ ਪਹਿਲਾਂ ਸਿਹਤ ਵਿਭਾਗ ਤੋਂ ਸੇਵਾਮੁਕਤ ਵੀਰ ਸਿੰਘ ਨਾਂ ਦੇ ਇਕ ਵਿਅਕਤੀ ਤੋਂ ਇਕ ਕਰੋੜ ਰੁਪਏ ਦੀ ਰੰਗਦਾਰੀ ਮੰਗੀ ਸੀ। ਵੀਰ ਸਿੰਘ ਦੇ ਹਾਮੀ ਨਾ ਭਰਨ ਕਾਰਨ ਰਕਮ 50 ਲੱਖ ਰੁਪਏ ਕਰ ਦਿੱਤੀ ਗਈ ਸੀ। ਵੀਰ ਸਿੰਘ ਨੇ ਥਾਣਾ ਚੋਹਲਾ ਸਾਹਿਬ ‘ਚ ਅੱਤਵਾਦੀ ਲਖਬੀਰ ਸਿੰਘ ਹਰੀਕੇ ਖ਼ਿਲਾਫ਼ ਕੇਸ ਦਰਜ ਕਰਵਾਇਆ। ਅੱਤਵਾਦੀ ਨੇ ਵੀਰ ਸਿੰਘ ਨੂੰ ਡਰਾਉਣ ਲਈ ਯਾਦਵਿੰਦਰ ਸਿੰਘ ਉਰਫ਼ ਯਾਦਾ, ਕੁਲਦੀਪ ਸਿੰਘ ਉਰਫ਼ ਲੱਡੂ ਤੇ ਪ੍ਰਭਦੀਪ ਸਿੰਘ ਉਰਫ਼ ਜੱਜ ਨੂੰ ਉਸ ਦੇ ਘਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ। ਓਧਰ ਵੀਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮੰਗਲਵਾਰ ਰਾਤ ਮੰਡ ਖੇਤਰ ‘ਚ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਮੁਕਾਬਲੇ ਮਗਰੋਂ ਫੜੇ ਗਏ ਤਿੰਨ ਗੈਂਗਸਟਰਾਂ ਨੇ ਖ਼ੁਲਾਸਾ ਕੀਤਾ ਹੈ।

ਡੀਐੱਸਪੀ ਅਤੁਲ ਸੋਨੀ, ਸੀਆਈਏ ਸਟਾਫ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ, ਥਾਣਾ ਚੋਹਲਾ ਸਾਹਿਬ ਇੰਚਾਰਜ ਰਾਜਕੁਮਾਰ ‘ਤੇ ਅਧਾਰਤ ਵਿਸ਼ੇਸ਼ ਟੀਮ ਨੇ ਮੰਡ ‘ਚ ਛਾਪੇਮਾਰੀ ਕੀਤੀ। ਪੁਲਿਸ ਨੂੰ ਦੇਖ ਕੇ ਤਿੰਨਾਂ ਮੁਲਜ਼ਮਾਂ ਨੇ ਪੁਲਿਸ ‘ਤੇ ਗੋਲੀਆਂ ਚਲਾਈਆਂ। ਜਵਾਬੀ ਕਾਰਵਾਈ ‘ਚ ਕੁਲਦੀਪ ਸਿੰਘ ਉਰਫ਼ ਲੱਡੂ ਤੇ ਯਾਦਵਿੰਦਰ ਸਿੰਘ ਉਰਫ਼ ਯਾਦਾ ਦੇ ਪੈਰਾਂ ‘ਚ ਗੋਲੀਆਂ ਲੱਗੀਆਂ ਜਦਕਿ ਪ੍ਰਤਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੇ ਕਬਜ਼ੇ ‘ਚੋਂ 32 ਬੋਰ ਦੀ ਪਿਸਤੌਲ, ਇਕ ਮੈਗਜ਼ੀਨ, ਚਾਰ ਕਾਰਤੂਸ, ਤਿੰਨ ਖਾਲੀ ਖੋਲ੍ਹ ਬਰਾਮਦ ਕੀਤੇ ਗਏ।

ਪੁੱਛਗਿੱਛ ‘ਚ ਖ਼ੁਲਾਸਾ ਹੋਇਆ ਕਿ ਬਰਾਮਦ ਹੋਇਆ ਪਿਸਤੌਲ ਥਾਣਾ ਚੋਹਲਾ ਸਾਹਿਬ ‘ਚ ਤਾਇਨਾਤ ਏਐੱਸਆਈ ਪਵਨਦੀਪ ਸਿੰਘ ਹੈ ਜਿਸ ਨੇ ਪੰਜ ਦਿਨ ਪਹਿਲਾਂ ਹੀ ਦਸ ਹਜ਼ਾਰ ਰੁਪਏ ‘ਚ ਇਹ ਉਨ੍ਹਾਂ ਕੋਲ ਗਿਰਵੀ ਰੱਖਿਆ ਸੀ। ਇਸੇ ਪਿਸਤੌਲ ਨਾਲ ਗੁਰਗਿਆਂ ਨੇ ਵੀਰ ਸਿੰਘ ਨੂੰ ਡਰਾਉਣ ਲਈ 20 ਦਸੰਬਰ ਦੀ ਰਾਤ ਵੀ ਉਸ ਦੇ ਘਰ ਗੋਲੀਆਂ ਚਲਾਈਆਂ ਸਨ। ਅੱਤਵਾਦੀਆਂ ਦੇ ਗੁਰਗਿਆ ਦੇ ਦਾਅਵੇ ਤੋਂ ਬਾਅਦ ਪੁਲਿਸ ਨੇ ਥਾਣੇ ‘ਚ ਮੁਨਸ਼ੀ ਤਾਇਨਾਤ ਏਐੱਸਆਈ ਪਵਨਦੀਪ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਤੋਂ ਇਹ ਗਲਤੀ ਹੋ ਗਈ ਹੈ। ਪਤਾ ਲੱਗਾ ਹੈ ਕਿ ਪਵਨਦੀਪ ਪਹਿਲਾਂ ਤੋਂ ਹੀ ਨਸ਼ੇ ਦਾ ਆਦੀ ਹੈ। ਉਸ ਦੇ ਸਬੰਧ ਲਖਬੀਰ ਸਿੰਘ ਹਰੀਕੇ ਗਰੁੱਪ ਨਾਲ ਬਣੇ ਤਾਂ ਉਹ ਇਨ੍ਹਾਂ ਗੁਰਗਿਆਂ ਦੇ ਸੰਪਰਕ ‘ਚ ਆਇਆ। ਇਹ ਗੁਰਗੇ ਵੀ ਨਸ਼ਾ ਕਰਦੇ ਹਨ ਜਿਹੜੇ ਨਸ਼ਾ ਖ਼ਰੀਦਕੇ ਵੀ ਦਿੰਦੇ ਸਨ।

ਥਾਣਾ ਚੋਹਲਾ ਸਾਹਿਬ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਵਨਦੀਪ ਅਕਸਰ ਡਿਊਟੀ ਤੋਂ ਗਾਇਬ ਰਹਿੰਦਾ ਸੀ। ਜਦੋਂ ਡਿਊਟੀ ‘ਤੇ ਆਉਂਦਾ ਸੀ ਤਾਂ ਉਹ ਥਾਣੇ ‘ਚ ਹੀ ਹੈਰੋਇਨ ਪੀਂਦਾ ਸੀ। ਉਸ ਨੂੰ ਕਈ ਵਾਰ ਝਿੜਕਿਆ ਵੀ ਗਿਆ ਸੀ ਪਰ ਉਹ ਨਹੀਂ ਸੁਧਰਿਆ। ਓਧਰ ਐੱਸਐੱਸਪੀ ਅਭਿਮੰਨਿਊ ਰਾਣਾ ਨੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਪੁਲਿਸ ਏਐੱਸਆਈ ਪਵਨਦੀਪ ਦਾ ਮੋਬਾਈਲ ਫੋਨ ਕਬਜ਼ੇ ‘ਚ ਲੈ ਕੇ ਟੈਕਨੀਕਲ ਮਾਹਰਾਂ ਦੀ ਮਦਦ ਲੈ ਰਹੀ ਹੈ। ਪੁਲਿਸ ਨੂੰ ਲੱਗਦਾ ਹੈ ਕਿ ਖਾਕੀ ਦੀ ਆੜ ‘ਚ ਏਐੱਸਆਈ ਪਵਨਦੀਪ ਪੁਲਿਸ ਵਿਭਾਗ ਦੀਆਂ ਖ਼ੁਫ਼ੀਆ ਜਾਣਕਾਰੀਆਂ ਅੱਤਵਾਦੀਆਂ ਤੱਕ ਪਹੁੰਚਾਉਂਦਾ ਰਿਹਾ ਹੋ ਸਕਦਾ ਹੈ।

error: Content is protected !!