ਗੁਨਾਹਾਂ ਦੀ ਮੁਆਫ਼ੀ ਮੰਗਣ ਤੋਂ ਬਾਅਦ ਸੁਖਬੀਰ ਬਾਦਲ ਦਾ ਯੂ-ਟਰਨ, ਕਹਿੰਦਾ-ਨਹੀਂ ਕੀਤੇ ਅਸੀਂ ਕੋਈ ਗੁਨਾਹ

ਗੁਨਾਹਾਂ ਦੀ ਮੁਆਫ਼ੀ ਮੰਗਣ ਤੋਂ ਬਾਅਦ ਸੁਖਬੀਰ ਬਾਦਲ ਦਾ ਯੂ-ਟਰਨ, ਕਹਿੰਦਾ-ਨਹੀਂ ਕੀਤੇ ਅਸੀਂ ਕੋਈ ਗੁਨਾਹ

Sukhbir badal, Punjab, political

ਮੁਕਤਸਰ (ਵੀਓਪੀ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਵੱਡਾ ਯੂ-ਟਰਨ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ‘ਤੇ ਜਾ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਤੋਂ ਬਾਅਦ ਹੁਣ ਉਨ੍ਹਾਂ ਨੇ ਕਿਹਾ ਕਿ ਮੁਆਫੀ ਤਾਂ ਉਸ ਨੇ ਤਾਂ ਮੰਗੀ ਸੀ ਕਿ ਵਿਵਾਦ ਨੂੰ ਖਤਮ ਕੀਤਾ ਜਾ ਸਕੇ ਵੈਸੇ ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤੇ।

ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਤਹਿਤ ਸਾਡੇ ‘ਤੇ ਬੇਅਦਬੀ ਸਮੇਤ ਹੋਰ ਦੋਸ਼ ਲਾਏ ਗਏ ਹਨ। ਪੂਰੇ ਵਿਵਾਦ ਨੂੰ ਖਤਮ ਕਰਨ ਲਈ ਮੈਂ ਸਾਰੇ ਦੋਸ਼ਾਂ ਨੂੰ ਆਪਣੀ ਝੋਲੀ ‘ਚ ਲੈ ਲਿਆ। ਜਦੋਂਕਿ ਅਕਾਲੀ ਦਲ ਵੱਲੋਂ ਕਦੇ ਵੀ ਅਜਿਹੀ ਕਾਰਵਾਈ ਕਰਨ ਬਾਰੇ ਸੋਚ ਵੀ ਨਹੀਂ ਸਕਦੀ, ਜਿਸ ਤਰ੍ਹਾਂ ਦੇ ਦੋਸ਼ ਅਕਾਲੀ ਦਲ ‘ਤੇ ਲਾਏ ਗਏ ਹਨ।

ਸੰਸਦ ਮੈਂਬਰ ਅੰਮ੍ਰਿਤਪਾਲ ਦਾ ਨਾਂ ਲਏ ਬਿਨਾਂ ਸੁਖਬੀਰ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਕੱਟੀ ਹੈ ਤੇ ਇੱਥੇ ਇਕ ਸਾਲ ਦੇ ਅੰਦਰ ਹੀ ਰੌਲਾ ਪੈ ਗਿਆ ਹੈ। ਉਨ੍ਹਾਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਜਦੋਂ ਤੋਂ ਸਰਬਜੀਤ ਖਾਲਸਾ ਸੰਸਦ ਮੈਂਬਰ ਬਣੇ ਹਨ, ਉਨ੍ਹਾਂ ਨੇ ਇਕ ਵਾਰ ਵੀ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ। ਕਿਸੇ ਦੇ ਸੁੱਖ-ਦੁੱਖ ਵਿੱਚ ਵੀ ਸ਼ਾਮਲ ਨਹੀਂ ਹੁੰਦੇ।

ਸੁਖਬੀਰ ਨੇ ਕਿਹਾ ਕਿ ਮਾਘੀ ਮੇਲੇ ਮੌਕੇ ਜੋ ਨਵੀਂ ਪਾਰਟੀ ਬਣਾਈ ਜਾ ਰਹੀ ਹੈ, ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਨੀਤੀ ਤਹਿਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਅਧਿਕਾਰ ਹੈ। ਪਰ ਇਹ ਲੋਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਨਹੀਂ ਮੰਨਦੇ। ਉਨ੍ਹਾਂ ਨੇ ਆਪਣੇ ਹੀ ਜਥੇਦਾਰ ਨਿਯੁਕਤ ਕੀਤੇ ਹਨ।

ਬਾਦਲ ਨੇ ਕਾਂਗਰਸੀ ਆਗੂ ਰਾਜਾ ਵੜਿੰਗ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਨੇ ਵੀ ਪਿਛਲੇ ਦਿਨੀਂ ਜਥੇਦਾਰਾਂ ਖ਼ਿਲਾਫ਼ ਬਿਆਨ ਦਿੱਤਾ ਸੀ। ਸੁਖਬੀਰ ਨੇ ਅਕਾਲੀ ਵਰਕਰਾਂ ਨੂੰ ਮਾਘੀ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਅਜੇ ਖਤਮ ਨਹੀਂ ਹੋਇਆ। ਅਕਾਲੀ ਦਲ ਪਹਿਲਾਂ ਆਰਾਮ ਕਰ ਰਿਹਾ ਸੀ। ਪਰ ਹੁਣ ਉਹ ਜਾਗ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ। ਅਕਾਲੀ ਦਲ ਖਿਲਾਫ ਬਿਆਨਬਾਜ਼ੀ ‘ਤੇ ਸਿਆਸਤ ਕੀਤੀ ਗਈ ਹੈ।

error: Content is protected !!