ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਵੱਖ-ਵੱਖ ਥਾਵਾਂ ‘ਤੇ ਸੜਕ ਹਾਦਸੇ ਦੇਖਣ ਨੂੰ ਮਿਲ ਰਹੇ ਹਨ। ਇਸੇ ਲੜੀ ਤਹਿਤ ਫਤਿਹਗੜ੍ਹ ਸਾਹਿਬ ‘ਚ ਵੀ ਧੂੰਏਂ ਦਾ ਕਹਿਰ ਦੇਖਣ ਨੂੰ ਮਿਲਿਆ, ਜਿੱਥੇ ਕੀਰਤਪੁਰ ਸਾਹਿਬ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਫੁੱਲ ਤਾਰਨ ਜਾ ਰਹੇ ਇਕ ਪਰਿਵਾਰ ਦੀ ਕਾਰ ਸਰਹਿੰਦ ਨੇੜੇ ਇਕ ਦਰੱਖਤ ਨਾਲ ਟਕਰਾ ਗਈ।
ਇਸ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਰਜਿੰਦਰ ਸਿੰਘ (65) ਅਤੇ ਬਲਵੀਰ ਸਿੰਘ (60) ਵਾਸੀ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਿੰਦ ਦੇ ਤਫਤੀਸ਼ੀ ਅਫਸਰ ਸਹਾਇਕ ਐਸ.ਐਚ.ਓ ਜਸਮੇਰ ਸਿੰਘ ਨੇ ਦੱਸਿਆ ਕਿ ਸਰਹਿੰਦ ਨੇੜਲੇ ਪਿੰਡ ਸੌਂਧਾ ਨੇੜੇ ਧੁੰਦ ਕਾਰਨ ਇੱਕ ਕਾਰ ਦਰੱਖਤ ਨਾਲ ਟਕਰਾ ਗਈ। ਕਾਰ ‘ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਕਾਰ ਵਿੱਚ ਸਵਾਰ ਵਿਅਕਤੀ ਆਪਣੇ ਰਿਸ਼ਤੇਦਾਰ ਦੇ ਘਰ ਕੀਰਤਪੁਰ ਸਾਹਿਬ ਵਿਖੇ ਫੁੱਲ ਤਾਰਨ ਜਾ ਰਹੇ ਸਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ, ਜਦਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।