ਬੈਂਗਲੁਰੂ ਵਿੱਚ ਇੱਕ ਵੱਡੀ ਆਈਟੀ ਕੰਪਨੀ ਵਿੱਚ ਕੰਮ ਕਰ ਰਹੀ ਸੀ 24 ਸਾਲਾ ਸੁਹਾਸੀ ਸਿੰਘ ਨੇ ਮੌਤ ਨੂੰ ਚੁਣਿਆ। ਆਖ਼ਰ ਕੀ ਸੀ ਕਾਰਨ, ਚੰਗੇ ਪੈਕੇਜ ਦੀ ਨੌਕਰੀ ਕਰਨ ਵਾਲੀ ਕੁੜੀ ਨੇ ਮੌਤ ਨੂੰ ਕਿਉਂ ਗਲੇ ਲਗਾਇਆ? ਆਓ ਜਾਣਦੇ ਹਾਂ ਪੂਰੀ ਕਹਾਣੀ।ਸੁਹਾਸੀ ਨੂੰ ਉਸ ਦੇ ਸ਼ਿਕਾਰੀ ਚਾਚੇ ਦੁਆਰਾ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਚਾਚੇ ਨੇ ਉਸ ਦੀਆਂ ਇਤਰਾਜ਼ਯੋਗ ਵੀਡੀਓ ਬਣਾਈਆਂ ਸਨ।
ਆਪਣੇ ਚਾਚੇ ਵੱਲੋਂ ਕੀਤੀ ਜਾ ਰਹੀ ਬਲੈਕਮੇਲਿੰਗ ਤੋਂ ਤੰਗ ਆ ਕੇ ਲੜਕੀ ਨੇ 12 ਜਨਵਰੀ ਦੀ ਰਾਤ 8 ਵਜੇ ਸ਼ਹਿਰ ਦੇ ਕੁੰਡਲਹੱਲੀ ਇਲਾਕੇ ਦੇ ਨੇੜੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ। ਉਸ ਨੇ ਖੁਦ ਨੂੰ ਅੱਗ ਲਾਉਣ ਲਈ ਪੈਟਰੋਲ ਦੀ ਵਰਤੋਂ ਕੀਤੀ ਸੀ।
ਪੁਲਿਸ ਨੇ ਇਸ ਘਟਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ 12 ਜਨਵਰੀ ਦੀ ਰਾਤ ਨੂੰ ਹੋਟਲ ‘ਚ ਮਿਲੇ ਸਨ। ਲੜਕੀ ਚਾਹੁੰਦੀ ਸੀ ਕਿ ਮਾਮਲਾ ਬੰਦ ਹੋਵੇ। ਉਹ ਆਪਣੇ ਚਾਚੇ ਵੱਲੋਂ ਬਲੈਕਮੇਲ ਕੀਤੇ ਜਾਣ ਤੋਂ ਤੰਗ ਆ ਚੁੱਕੀ ਸੀ। ਗੱਲਬਾਤ ਦੌਰਾਨ ਮਾਮਲਾ ਵਿਗੜ ਗਿਆ। ਸੁਹਾਸੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਹਾਲਾਂਕਿ ਇਹ ਸਪੱਸ਼ਟ ਤੌਰ ‘ਤੇ ਨਹੀਂ ਕਿਹਾ ਜਾ ਸਕਦਾ ਹੈ ਕਿ ਉਸ ਦੇ ਚਾਚੇ ਨੇ ਉਸ ਨੂੰ ਉਕਸਾਇਆ ਸੀ ਅਤੇ ਫਿਰ ਉਸ ਨੇ ਇਹ ਫੈਸਲਾ ਆਪਣੇ ਤੌਰ ‘ਤੇ ਲਿਆ ਸੀ।
ਪੁਲਿਸ ਨੇ ਚਾਚੇ ਪ੍ਰਵੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਕੇ ਤੋਂ ਸਬੂਤ ਇਕੱਠੇ ਕਰਦੇ ਹੋਏ ਉਸ ਕੋਲੋਂ ਇੱਕ ਪੈੱਨ ਡਰਾਈਵ ਵੀ ਬਰਾਮਦ ਹੋਈ। ਪੁਲਿਸ ਨੇ ਇਸ ਨੂੰ ਫੋਰੈਂਸਿਕ ਜਾਂਚ ਲਈ ਲੈਬ ਭੇਜ ਦਿੱਤਾ ਹੈ। ਪੁਲਿਸ ਨੇ ਪ੍ਰਵੀਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਅਤੇ ਮਾਮਲੇ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
ਸੁਹਾਸੀ ਦੀ ਇਸ ਦੁਖਦਾਈ ਘਟਨਾ ਨੇ ਨਾ ਸਿਰਫ਼ ਉਸ ਦੇ ਪਰਿਵਾਰ ਨੂੰ ਸਗੋਂ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਮਾਮਲਾ ਇੱਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਖਿਲਾਫ ਹੋ ਰਹੇ ਸ਼ੋਸ਼ਣ ਨੂੰ ਲੈ ਕੇ ਸਖਤ ਕਾਰਵਾਈ ਕਰਨ ਦੀ ਲੋੜ ਨੂੰ ਉਜਾਗਰ ਕਰਦਾ ਹੈ।ਇਹ ਘਟਨਾ ਯਾਦ ਦਿਵਾਉਂਦੀ ਹੈ ਕਿ ਸਮਾਜ ਵਿੱਚ ਬਲੈਕਮੇਲਿੰਗ ਅਤੇ ਛੇੜਖਾਨੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਦੇ ਲਈ ਸਖ਼ਤ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਹੋਣੀ ਚਾਹੀਦੀ ਹੈ।