ਬੱਬੂ ਮਾਨ ਤੋਂ ਬਾਅਦ ਹੁਣ ਇਨ੍ਹਾਂ ਡੇਰਾ ਪ੍ਰੇਮੀਆਂ ਦੀ ਵੀ ਵਧਾਈ ਸੁਰੱਖਿਆ, ਪੁਲਿਸ ਨੂੰ ਮਿਲੇ ਹਮਲੇ ਦੇ ਇਨਪੁੱਟਸ

ਬੱਬੂ ਮਾਨ ਤੋਂ ਬਾਅਦ ਹੁਣ ਇਨ੍ਹਾਂ ਡੇਰਾ ਪ੍ਰੇਮੀਆਂ ਦੀ ਵੀ ਵਧਾਈ ਸੁਰੱਖਿਆ, ਪੁਲਿਸ ਨੂੰ ਮਿਲੇ ਹਮਲੇ ਦੇ ਇਨਪੁੱਟਸ

ਵੀਓਪੀ ਬਿਊਰੋ – ਪੰਜਾਬ ਇਸ ਸਮੇਂ ਹਾਈ ਅਲਰਟ ਉਪਰ ਹੈ ਅਤੇ ਹਰ ਰੋਜ਼ ਕਿਸੇ ਨਾ ਕਿਸੇ ਨੂੰ ਧਮਕੀਆਂ ਮਿਲ ਰਹੀਆਂ ਹਨ। ਪਹਿਲਾਂ ਜਿੱਥੇ ਹਿੰਦੂ ਨੇਤਾ ਸੁਧੀਰ ਦਾ ਕਤਲ ਹੋਇਆ, ਉਸ ਤੋਂ ਬਾਅਦ ਨਾਲ ਹੀ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਦਾ ਵੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਵੀ ਧਮਕੀਆਂ ਮਿਲਣ ਤੋਂ ਬਾਅਦ ਉਸ ਦੇ ਮੋਹਾਲੀ ਸਥਿਤ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾ ਵੀ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅਜਿਹੀਆਂ ਸਾਰੀਆਂ ਘਟਨਾਵਾਂ ਤੋਂ ਬਾਅਦ ਵੀ ਪੰਜਾਬ ਵਿਚ ਕਿਸੇ ਸਮੇਂ ਵੀ ਵੱਡੀ ਸਾਜਿਸ਼ ਦਾ ਖਤਰਾ ਬਣਿਆ ਹੋਇਆ ਹੈ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਤੋਂ ਬਾਅਦ ਹੁਣ ਪੰਜਾਬ ਹੋਰ ਡੇਰਾ ਪ੍ਰੇਮੀਆਂ ਦੀ ਜਾਨ ਨੂੰ ਵੀ ਖ਼ਤਰਾ ਹੈ। ਇਸ ਦੇ ਇਨਪੁਟ ਵੀ ਪੰਜਾਬ ਪੁਲਿਸ ਨੂੰ ਮਿਲੇ ਹਨ। ਇਸ ਤੋਂ ਬਾਅਦ ਪੁਲਿਸ ਵਿਭਾਗ ਨੇ ਤੁਰੰਤ ਕਈ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਮਜ਼ਬੂਤ ​​ਕਰਨ ਦੇ ਨਾਲ-ਨਾਲ ਫ਼ਰੀਦਕੋਟ ਦੇ ਇੱਕ ਡੇਰਾ ਪ੍ਰੇਮੀ ਦੇ ਘਰ ਦੇ ਬਾਹਰ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। ਡੇਰਾ ਪ੍ਰੇਮੀ ਪ੍ਰਦੀਪ ਸਿੰਘ ਕਤਲ ਕੇਸ ਵਿੱਚ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਜਿਤੇਂਦਰ ਜੀਤੂ ਨਾਮਕ ਤਿੰਨ ਸ਼ੂਟਰਾਂ ਨੂੰ ਪਟਿਆਲਾ ਦੇ ਬਖਸ਼ੀਖਾਨਾ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਰੋਹਤਕ ਅਤੇ ਹਰਿਆਣਾ ਦੇ ਭਿਵਾਨੀ ਦੇ ਦੋ ਨਾਬਾਲਗ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 17 ਨਵੰਬਰ ਨੂੰ ਪੰਜਾਬ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਦੋ ਸ਼ੂਟਰਾਂ ਮਨਪ੍ਰੀਤ ਉਰਫ਼ ਮਨੀ ਅਤੇ ਭੁਪਿੰਦਰ ਉਰਫ਼ ਗੋਲਡੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਗੋਲੀਬਾਰੀ ਕਰਨ ਵਾਲਿਆਂ ਨੂੰ ਰਿਹਾਇਸ਼ ਅਤੇ ਹੋਰ ਕਈ ਤਰ੍ਹਾਂ ਦੀ ਮਦਦ ਦੇਣ ਦੇ ਦੋਸ਼ੀ ਬਠਿੰਡਾ ‘ਚ ਤਾਇਨਾਤ ਸਬ-ਇੰਸਪੈਕਟਰ ਦੇ ਪੁੱਤਰ ਬਲਜੀਤ ਮੰਨਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਦੌਰਾਨ ਹੀ ਪਿਛਲੇ ਦਿਨੀ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੇ ਪਿੰਡ ਸਰਾਭਾ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿਚ ਅਪਰਾਧ ਕੁਝ ਵੀ ਨਹੀਂ ਹੈ। ਇਸ ਦੌਰਾਨ ਉਨ੍ਹਾਂ ਨੇ ਯੂਪੀ ਤੇ ਬਿਹਾਰ ਦੀ ਉਦਹਾਰਣ ਦਿੰਦੇ ਹੋਏ ਕਿਹਾ ਸੀ ਕਿ ਜਿਨ੍ਹਾਂ ਅਪਰਾਧ ਉੱਥੇ ਹੋ ਰਿਹਾ ਹੈ, ਉਸ ਦੇ ਮੁਕਾਬਲੇ ਵਿਚ ਪੰਜਾਬ ਵਿਚ ਤਾਂ ਅਪਰਾਧ ਬਹੁਤ ਘੱਟ ਹੈ। ਇਸ ਸਭ ਨੂੰ ਦੇਖਦੇ ਹੋਏ ਤਾਂ ਲੱਗਦਾ ਹੈ ਕਿ ਪੰਜਾਬ ਸਰਕਾਰ ਅਜੇ ਗੰਭੀਰ ਨਹੀਂ ਹੈ ਅਤੇ ਅਜਿਹੀਆਂ ਗਤੀਵਿਧੀਆਂ ਰੋਕਣ ਦੇ ਲਈ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਮੁਸਤੈਦੀ ਵਰਤਣੀ ਚਾਹੀਦੀ ਹੈ।

error: Content is protected !!