ਰਿਟਾਇਰ ਹੋਣ ਤੋਂ ਬਾਅਦ ਦੁਬਾਰਾ ਰੱਖਿਆ ਪਟਵਾਰੀ 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫੜਿਆ, ਕਹਿੰਦਾ- ਜਨਾਬ ਜੀ ਮੈਂ ਦੱਸਦਾ ਤੁਹਾਨੂੰ ਗੱਲ ਕੀ ਐ…

ਲੁਧਿਆਣਾ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸ ਤਰ੍ਹਾਂ ਦੇ ਨਾਲ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਚਲਾਈ ਸੀ, ਉਸ ਨੂੰ ਦੇਖ ਕੇ ਤਾਂ ਲੱਗਦਾ ਸੀ ਕਿ ਪੰਜਾਬ ਹੁਣ ਭ੍ਰਿਸ਼ਟਾਚਾਰ ਮੁਕਤ ਹੋ ਜਾਊਗਾ ਪਰ ਹਾਲਾਤ ਅਜੇ ਵੀ ਉਹ ਹੀ ਹਨ।ਲੁਧਿਆਣਾ ਜ਼ਿਲੇ ‘ਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਇਕ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਰਜਿਸਟਰੀ ਬਦਲਣ (ਰਿਕਾਰਡ ‘ਚ ਖਰੀਦਦਾਰ ਦਾ ਨਾਂ) ਲਈ ਪਾਰਟੀ ਨੇਤਾ ਤੋਂ 5,000 ਰੁਪਏ ਰਿਸ਼ਵਤ ਲੈਂਦੇ ਹੋਏ ਇਕ ਪਟਵਾਰੀ ਨੂੰ ਫੜਿਆ। ਵਿਜੀਲੈਂਸ ਬਿਊਰੋ ਨੇ ‘ਆਪ’ ਆਗੂਆਂ ਦੀ ਸ਼ਿਕਾਇਤ ’ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਪਟਵਾਰੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ ਮੋਹਨ ਸਿੰਘ ਪਟਵਾਰੀ ਵਜੋਂ ਹੋਈ ਹੈ। ਮੁਲਜ਼ਮ ਮਾਲ ਵਿਭਾਗ ਤੋਂ ਕਾਨੂੰਗੋ ਵਜੋਂ ਸੇਵਾਮੁਕਤ ਹੋਇਆ ਸੀ ਪਰ ਪ੍ਰਸ਼ਾਸਨ ਵੱਲੋਂ ਉਸ ਨੂੰ 1 ਨਵੰਬਰ 2022 ਨੂੰ ਮੁੜ ਪਟਵਾਰੀ ਨਿਯੁਕਤ ਕਰ ਦਿੱਤਾ ਗਿਆ ਸੀ। ‘ਆਪ’ ਹਲਕਾ ਦਾਖਾ ਦੇ ਇੰਚਾਰਜ ਕੇਐਨਐਸ ਕੰਗ ਨੇ ਦੱਸਿਆ ਕਿ ਪਾਰਟੀ ਦੇ ਬਲਾਕ ਪ੍ਰਧਾਨ ਵਰਿੰਦਰ ਸਿੰਘ ਨੇ ਸੈੱਲ ਡੀਡ ਦਾ ਨਾਂ ਬਦਲਣ ਲਈ ਪਟਵਾਰੀ ਕੋਲ ਪਹੁੰਚ ਕੀਤੀ ਸੀ। ਮੁਲਜ਼ਮਾਂ ਨੇ ਉਸ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ। ਪਟਵਾਰੀ ਦੋ ਕਿਸ਼ਤਾਂ ਵਿੱਚ ਰਿਸ਼ਵਤ ਲੈਣ ਲਈ ਤਿਆਰ ਸੀ।

