ਭਾਈ ਰਣਧੀਰ ਸਿੰਘ ਸਿੱਧੂ ਦੇ ਅਕਾਲ ਚਲਾਣੇ ਤੇ ਜਰਮਨ ਦੇ ਸਿੰਘਾਂ ਵਲੋਂ ਗਹਿਰੇ ਦੁਖ ਦਾ ਪ੍ਰਗਟਾਵਾ

ਨਵੀਂ ਦਿੱਲੀ 7 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਇੰਗਲੈਂਡ ਦੇ ਧਾਰਮਿਕ ਅਤੇ ਰਾਜਨੀਤਿਕ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੇ ਨਿੱਧੜਕ ਅਤੇ ਅਣਥੱਕ ਸੇਵਾਦਾਰ ਭਾਈ ਰਣਧੀਰ ਸਿੰਘ ਹਾਰਟ ਅਟੈਕ ਕਾਰਨ ਅਚਾਨਕ ਸਵਾਸਾਂ ਦੀ ਪੂੰਜੀ ਸਮੇਟ ਕੇ ਸਦੀਵੀ ਵਿਛੋੜਾ ਦੇ ਗਏ। ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਹਰ ਇੱਕ ਨਾਲ ਪਿਆਰ ਸਤਿਕਾਰ ਨਾਲ ਵਿਚਰਦੇ। ਕਿਸੇ ਵੀ ਕੌਮੀ ਕਾਰਜ ਲਈ ਅੱਗੇ ਹੋ ਕੇ ਚੱਲਣਾ ਅਤੇ ਸਹੀ ਸਲਾਹ ਦੇਣੀ। ਦਿੱਲੀ ਜਾ ਕੇ ਕਿਸਾਨ ਮੋਰਚੇ ਦਾ ਡੱਟ ਕੇ ਸਾਥ ਦਿੱਤਾ। ਕੌਮ ਦੀ ਆਜ਼ਾਦੀ ਲਈ ਸਿੰਘਾ ਵਲੋਂ ਦਿੱਤੇ ਹਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਭਾਵੇਂ ਕੋਈ ਰੋਸ ਮੁਜ਼ਾਹਰੇ ਹੋਵੇ ਜਾਂ ਸ਼ਹੀਦੀ ਸਮਾਗਮ। ਭਾਈ ਸਾਹਿਬ ਦੇ ਅਚਾਨਕ ਵਿਛੋੜੇ ਦਾ ਜਿੱਥੇ ਪਰੀਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਪੰਥਕ ਧਿਰਾਂ ਨੂੰ ਵੀ ਹਮੇਸ਼ਾ ਘਾਟ ਮਹਿਸੂਸ ਹੁੰਦੀ ਰਹੇਗੀ।
ਜਰਮਨ ਦੇ ਸਿੰਘ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਅਤੇ ਆਦਿ ਸਿੰਘਾਂ ਨੇ ਕਿਹਾ ਕਿ ਜਿਥੇ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਨਾਲ ਹਾਂ ਉੱਥੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।


