ਰੰਧਾਵਾ ਨੇ ਕੈਪਟਨ ਪਰਿਵਾਰ ਨੂੰ ਕਿਹਾ ਗੱਦਾਰ, ਕਿਹਾ- ਬਜ਼ੁਰਗਾਂ ਨੇ ਵੀ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਧੋਖਾ, ਮਨਪ੍ਰੀਤ ਬਾਦਲ ਖਿਲਾਫ ਵੀ ਕੱਢੀ ਭੜਾਸ

ਰੰਧਾਵਾ ਨੇ ਕੈਪਟਨ ਪਰਿਵਾਰ ਨੂੰ ਕਿਹਾ ਗੱਦਾਰ, ਕਿਹਾ- ਬਜ਼ੁਰਗਾਂ ਨੇ ਵੀ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਧੋਖਾ, ਮਨਪ੍ਰੀਤ ਬਾਦਲ ਖਿਲਾਫ ਵੀ ਕੱਢੀ ਭੜਾਸ

 

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੀ ਸਿਆਸਤ ਇਸ ਸਮੇਂ ਲੋਕ ਸਭਾ ਚੋਣਾਂ – 2024 ਨੇੜੇ ਆਉਂਦੇ ਹੀ ਫਿਰ ਤੋਂ ਭੱਖਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਜਿੱਥੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੇ ਨਾਲ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉੱਥੇ ਹੀ ਭਾਜਪਾ ਨੇ ਪਹਿਲਾ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਤੇ ਹੁਣ ਕਾਂਗਰਸ ਦੀ ਸੰਸਦ ਮੈਂਬਰ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਵੀ ਭਾਜਪਾ ਵਿੱਚ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ।

ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਘਟਨਾ ਤੋਂ ਕਾਫੀ ਨਾਰਾਜ਼ ਹਨ। ਬੁੱਧਵਾਰ ਨੂੰ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਮਨਪ੍ਰੀਤ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਿਆ।

ਰੰਧਾਵਾ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਉਹ ਦਿਖਾ ਦੇਣ ਕਿ ਉਹ ਪਟਿਆਲਾ ਲੋਕ ਸਭਾ ਸੀਟ ਆਪਣੇ ਦਮ ‘ਤੇ ਜਿੱਤਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਨੂੰ ਕਾਂਗਰਸ ‘ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਰੰਧਾਵਾ ਨੇ ਕਿਹਾ ਤੁਹਾਡੇ ਪਰਿਵਾਰ ਨੇ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਨਹੀਂ ਦਿੱਤਾ ਨਹੀਂ ਤਾਂ ਅੱਜ ਪੰਜਾਬ ਦਾ ਇਤਿਹਾਸ ਕੁਝ ਹੋਰ ਹੀ ਹੋਣਾ ਸੀ। ਰੰਧਾਵਾ ਨੇ ਅੱਗੇ ਕਿਹਾ ਕਿ ਇਹ ਪਰਿਵਾਰ ਵਿਸ਼ਵਾਸਘਾਤ ਵਿੱਚ ਸਭ ਤੋਂ ਅੱਗੇ ਰਿਹਾ ਹੈ।

ਰੰਧਾਵਾ ਨੇ ਮਨਪ੍ਰੀਤ ਬਾਦਲ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਦੇ ਰਹੇ ਅਤੇ ਖਜ਼ਾਨਾ ਖਾਲੀ ਹੋਣ ਦੇ ਨਾਅਰੇ ਲਗਾ ਕੇ ਕਾਂਗਰਸ ਦਾ ਅਕਸ ਖਰਾਬ ਕਰਦੇ ਰਹੇ। ਰੰਧਾਵਾ ਨੇ ਮਨਪ੍ਰੀਤ ਬਾਦਲ ਦੇ ਕਾਂਗਰਸ ਛੱਡਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕਾਂਗਰਸ ਛੱਡਣੀ ਚਾਹੀਦੀ ਸੀ। ਰੰਧਾਵਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਸਮੇਤ ਕਾਂਗਰਸ ਛੱਡਣ ਵਾਲੇ ਸਾਰੇ ਆਗੂਆਂ ਨੂੰ ਭਾਜਪਾ ਦੀਆਂ ਟਿਕਟਾਂ ਦਿੱਤੀਆਂ ਜਾਣ ਤਾਂ ਜੋ ਲੋਕਾਂ ਵਿਚ ਉਨ੍ਹਾਂ ਦੀ ਹੈਸੀਅਤ ਦਾ ਪਤਾ ਲੱਗ ਸਕੇ।

error: Content is protected !!