ਨਸ਼ੇ ਦਾ ਟੀਕਾ ਲਾਉਣ ਕਾਰਨ 11ਵੀਂ ‘ਚ ਪੜ੍ਹਦੇ 16 ਸਾਲ ਦੇ ਕਬੱਡੀ ਖਿਡਾਰੀ ਦੀ ਮੌਤ

ਨਸ਼ੇ ਦਾ ਟੀਕਾ ਲਾਉਣ ਕਾਰਨ 16 ਸਾਲ ਦੇ ਕਬੱਡੀ ਖਿਡਾਰੀ ਦੀ ਮੌਤ

ਜਗਰਾਓਂ (ਵੀਓਪੀ ਬਿਊਰੋ) ਸਰਕਾਰਾਂ ਬਦਲੀ ਜਾ ਰਹੀਆਂ ਹਨ ਪਰ ਪੰਜਾਬ ਦੀ ਜਵਾਨੀ ਨੂੰ ਕੰਗਾਲ ਕਰ ਰਹੀ ਅਤੇ ਘਰਾਂ ਨੂੰ ਰੁਸ਼ਨਾਉਣ ਵਾਲੇ ਚਿਰਾਗ ਬੁਝਾਉਣ ਵਾਲੀ ਨਸ਼ੇ ਰੂਪੀ ਡਾਇਨ ਲਗਾਤਾਰ ਪੰਜਾਬ ਨੂੰ ਖੋਖਲਾ ਕਰ ਰਹੀ ਹੈ। ਹਰ ਰੋਜ਼ ਮੁੱਛ-ਫੁੱਟ ਗੱਭਰੂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਪਰ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਚੁੱਪ ਹੈ ਅਤੇ ਮਾਪੇ ਆਪਣੇ ਹੱਥੀ ਆਪਣੀ ਔਲਾਦ ਦਾ ਸੰਸਕਾਰ ਕਰ ਰਹੇ ਹਨ।

ਸਿੱਧਵਾਂ ਬੇਟ ਇਲਾਕੇ ਦੇ ਪਿੰਡ ’ਚ ਚਿੱਟੇ ਦਾ ਟੀਕਾ ਲਗਾਉਂਦਿਆਂ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਗਿਆਰ੍ਹਵੀਂ ’ਚ ਪੜ੍ਹਦੇ ਨਾਬਾਲਿਗ ਕਬੱਡੀ ਖਿਡਾਰੀ ਦੀ ਮੌਤ ਦੇ ਮਾਮਲੇ ’ਚ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਮ੍ਰਿਤਕ ਦੇ ਦੋਸਤ ਅਤੇ 3 ਨਸ਼ਾ ਤਸਕਰਾਂ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ, ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਮਿ੍ਰਤਕ ਦੇ ਦੋਸਤ ਤੇ ਇਕ ਨਸ਼ਾ ਤਸਕਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਨਸ਼ਾ ਤਸਕਰ ਦੋ ਔਰਤਾਂ ਮੁਕੱਦਮਾ ਦਰਜ ਹੁੰਦੇ ਹੀ ਫ਼ਰਾਰ ਹੋ ਗਈਆਂ।

ਜਾਣਕਾਰੀ ਅਨੁਸਾਰ ਮੁੱਲਾਂਪੁਰ ਦਾਖਾ ਦੇ ਪਿੰਡ ਭਮਾਲ ਵਾਸੀ ਬਲਵਿੰਦਰ ਸਿੰਘ ਦੇ 16 ਸਾਲਾ ਗਿਆਰ੍ਹਵੀਂ ਵਿਚ ਪੜ੍ਹਦੇ ਕਬੱਡੀ ਖਿਡਾਰੀ ਪੁੱਤਰ ਸ਼ਾਨਵੀਰ ਦੀ ਨਸ਼ੇ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿਚ ਮੁੱਲਾਂਪੁਰ ਦਾਖਾ ਦੇ ਡੀਐੱਸਪੀ ਜਸਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ‘ਚਿੱਟੇ’ ਦੀ ਓਵਰਡੋਜ਼ ਨਾਲ ਦਮ ਤੋੜਨ ਵਾਲੇ ਸ਼ਾਨਵੀਰ ਦੇ ਮਾਮਲੇ ਵਿਚ ਉਸ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਉਸ ਦੇ ਦੋਸਤ ਸੁਖਰਾਜ ਸਿੰਘ ਅਤੇ ਨਸ਼ਾ ਵੇਚਣ ਵਾਲਿਆਂ ਬੂਟਾ ਸਿੰਘ, ਕਰਮਜੀਤ ਕੌਰ ਅਤੇ ਦਰਸ਼ਨਾ ਰਾਣੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੁਖਰਾਜ ਤੇ ਤਸਕਰ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!