ਦਿੱਲੀ ਦੇ ਸੁਭਾਸ਼ ਨਗਰ ਵਿਖੇ ਹੋਲਾ ਮੁਹੱਲਾ ਪੁਰਬ ਪਿਆਰ ਸਤਿਕਾਰ ਨਾਲ ਮਨਾਇਆ ਗਿਆ

ਨਵੀਂ ਦਿੱਲੀ 9 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਹੋਲਾ ਮੋਹੱਲਾ ਪੁਰਬ ਅਤੇ ਸੰਤ ਕਿਸ਼ਨ ਸ਼ਾਹ ਸਿੰਘ ਜੀ ਦੀ ਮੀਠੀ ਯਾਦ ਵਿਚ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਦੇ ਗੁਰਦਵਾਰਾ ਭਾਈ ਸ਼ੋਮਾ ਸ਼ਾਹ 3 ਬਲਾਕ ਸੁਭਾਸ਼ ਨਗਰ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ । ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਮਾਜ ਸੇਵੀ ਅਤੇ ਦਿੱਲੀ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਵਲੋਂ ਕੀਤੇ ਸਹਿਯੋਗ ਸਦਕਾ ਉਲੀਕਿਆ ਗਿਆ ਸੀ ।

ਇਸ ਪ੍ਰੋਗਰਾਮ ਵਿਚ ਪੰਥ ਪ੍ਰਸਿੱਧ ਰਾਗੀ ਸਾਹਿਬਾਨ ਦੇ ਨਾਲ ਭਾਈ ਬਲਵਿੰਦਰ ਸਿੰਘ ਰਮਦਾਸ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਉਚੇਚੇ ਤੌਰ ਤੇ ਹਾਜ਼ਿਰੀ ਭਰਕੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ/ਗੁਰਬਾਣੀ ਨਾਲ ਜੋੜਿਆ । ਸਮਾਗਮ ਦੀ ਸਮਾਪਤੀ ਤੇ ਕੜਾਅ ਪ੍ਰਸ਼ਾਦਿ ਦੀ ਦੇਗ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ।

