ਉੱਘੇ ਇਤਿਹਾਸਕਾਰਾਂ, ਵਿਦਵਾਨਾਂ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਦਘਾਟਨੀ ਸਮਾਰੋਹ ਮੌਕੇ ਹਾਜ਼ਰੀ ਭਰੀ

ਇਤਿਹਾਸਕਾਰ ਡਾ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਉੱਪਰ ਖੋਜ਼ ਪਰਚੇ ਪੜ੍ਹੇ

ਗੁਰਦਾਸਪੁਰ, 12 ਮਾਰਚ ( ਸੰਦੀਪ ਸਿੰਘ ਸਹੋਤਾ ) – ਵਿਰਾਸਤੀ ਮੰਚ ਬਟਾਲਾ ਵੱਲੋਂ ਪਿੰਡ ਮਿਰਜ਼ਾਜਾਨ ਵਿਖੇ ਤਿਆਰ ਕੀਤੇ ਗਏ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਅੱਜ ਸੰਗਤਾਂ ਦੇ ਸਪੁਰਦ ਕੀਤਾ ਗਿਆ। ਇਸ ਯਾਦਗਾਰ ਦਾ ਉਦਘਾਟਨ ਉੱਘੇ ਇਤਿਹਾਸਕਾਰ ਪ੍ਰੋ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਇਲਾਕੇ ਦੇ ਮੋਹਤਬਰ ਵੀ ਹਾਜ਼ਰ ਸਨ।
ਇਸ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਅਤੇ ਸੰਘਰਸ਼ ਨੂੰ ਦਰਸਾਉਂਦੇ ਚਿੱਤਰ ਲਗਾਏ ਗਏ ਹਨ, ਇਸਤੋਂ ਇਲਾਵਾ ਪੰਜਾਬ ਤੇ ਸਿੱਖ ਦੇ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਬਾਰੇ ਪ੍ਰਕਾਸ਼ਤ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ ਨੂੰ ਲਾਇਬ੍ਰੇਰੀ ਵਿੱਚ ਰੱਖਿਆ ਗਿਆ ਹੈ।

ਯਾਦਗਾਰ ਦੇ ਉਦਘਾਟਨ ਤੋਂ ਬਾਅਦ ਪਿੰਡ ਮਿਰਜ਼ਾਜਾਨ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ `ਤੇ ਪਹੁੰਚੇ ਇਤਿਹਾਸਕਾਰ ਪ੍ਰੋ. ਸੁਖਦਿਆਲ ਸਿੰਘ ਅਤੇ ਡਾ. ਬਲਵੰਤ ਸਿੰਘ ਢਿਲੋਂ ਵੱਲੋਂ ਬਾਬਾ ਬੰਦਾ ਸਿੰਘ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ।
ਪ੍ਰੋ. ਸੁਖਦਿਆਲ ਸਿੰਘ ਨੇ ਕਿਹਾ ਕਿ ਪਿੰਡ ਮਿਰਜ਼ਾਜਾਨ ਸਮੇਤ ਮਾਝੇ ਦੇ ਇਲਾਕੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਆਖਰੀ ਜੰਗਾਂ ਹੋਈਆਂ ਸਨ ਅਤੇ ਇਹ ਸਰਜ਼ਮੀਨ ਸਿੱਖ ਯੋਧਿਆਂ ਦੇ ਖੂਨ ਨਾਲ ਰੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮਿਰਜ਼ਾਜਾਨ ਦੀ ਧਰਤੀ `ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਕਿਲ੍ਹਾ ਅੱਜ ਵੀ ਉਨ੍ਹਾਂ ਦੀ ਬਹਾਦਰੀ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੂੰ ਇਸ ਇਤਿਹਾਸਕ ਕਿਲ੍ਹੇ ਦੀ ਸੰਭਾਲ ਲਈ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ ਅਤੇ ਪੰਜਾਬ ਸਰਕਾਰ ਤੇ ਧਾਰਮਿਕ ਸੰਸਥਾਵਾਂ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ।

