ਬਾਰਿਸ਼ ਨੇ ਖਰਾਬ ਕਰ ਦਿੱਤੀਆਂ ਪੱਕੀਆਂ ਫਸਲਾਂ, ਕਿਸਾਨ ਨੇ ਤੰਗ ਹੋ ਕੇ ਟਰੈਕਟਰ ਨਾਲ ਵਾਹ ਦਿੱਤਾ 7 ਏਕੜ ‘ਚ ਬੀਜਿਆ ਟਮਾਟਰ

ਬਾਰਿਸ਼ ਨੇ ਖਰਾਬ ਕਰ ਦਿੱਤੀਆਂ ਪੱਕੀਆਂ ਫਸਲਾਂ, ਕਿਸਾਨ ਨੇ ਤੰਗ ਹੋ ਕੇ ਟਰੈਕਟਰ ਨਾਲ ਵਾਹ ਦਿੱਤਾ 7 ਏਕੜ ‘ਚ ਬੀਜਿਆ ਟਮਾਟਰ

ਵੀਓਪੀ ਬਿਊਰੋ-ਬਾਰਿਸ਼ ਪੰਜਾਬ ਵਿੱਚ ਤਬਾਹੀ ਬਣ ਕੇ ਆਈ ਹੈ। ਕਣਕ ਤੋਂ ਇਲਾਵਾ ਸਬਜ਼ੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਲੌਂਗੋਵਾਲ ਨੇੜਲੇ ਪਿੰਡ ਕਿਲਾ ਭਰਿਆਣਾ ਵਿੱਚ ਮੀਂਹ ਕਾਰਨ ਕਿਸਾਨ ਦੀ ਸੱਤ ਏਕੜ ਟਮਾਟਰ ਦੀ ਫ਼ਸਲ ਬਰਬਾਦ ਹੋ ਗਈ। ਕਿਸਾਨ ਨੂੰ ਆਖਿਰ ਤੰਗ ਆ ਕੇ ਟਮਾਟਰ ਦੀ ਫਸਲ ਟਰੈਕਟਰ ਨਾਲ ਨਸ਼ਟ ਕਰਨ ਲਈ ਮਜਬੂਰ ਹੋਣਾ ਪਿਆ।

ਪੀੜਤ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਸੱਤ ਏਕੜ ਰਕਬੇ ਵਿੱਚ ਟਮਾਟਰ ਦੀ ਕਾਸ਼ਤ ਕੀਤੀ ਸੀ ਅਤੇ ਪ੍ਰਤੀ ਏਕੜ ਕਰੀਬ 50 ਹਜ਼ਾਰ ਰੁਪਏ ਖਰਚ ਆਇਆ ਸੀ ਪਰ ਮੀਂਹ ਨੇ ਫ਼ਸਲ ਬਰਬਾਦ ਕਰ ਦਿੱਤੀ। ਇਸ ਕਾਰਨ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਖੇਤ ‘ਚ ਭਰਿਆ ਪਾਣੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਇਸ ਤੋਂ ਬਾਅਦ ਉਸ ਨੇ ਟਰੈਕਟਰ ਨਾਲ ਫਸਲ ਨਸ਼ਟ ਕਰ ਦਿੱਤੀ। ਕਿਸਾਨ ਜਗਤਾਰ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ।

ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਮੀਂਹ ਨਾਲ ਨੁਕਸਾਨੀਆਂ ਕਿਸਾਨਾਂ ਦੀਆਂ ਫ਼ਸਲਾਂ ਦੇ ਮੁਆਵਜ਼ੇ ਸਬੰਧੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

error: Content is protected !!