ਅਨਾੜੀ ਗੈਂਗ ਕਾਰਨ ਲੁੱਟ ਦਾ ਪਲਾਨ ਹੋਇਆ ਫੇਲ੍ਹ, ਕੈਸ਼ ਵੈਨ ਦੀ ਜੀਪੀਐਸ ਡਿਵਾਈਸ ਬੰਦ ਨਾ ਕਰਨਾ ਪਿਆ ਭਾਰੀ, ਪਲਾਸਟਿਕ ਵਿਚ ਲਪੇਟ ਕੇ ਸੈਪਟਿਕ ਟੈਂਕ ਵਿਚ ਲੁਕਾਏ ਲੱਖਾਂ ਰੁਪਏ

ਅਨਾੜੀ ਗੈਂਗ ਕਾਰਨ ਲੁੱਟ ਦਾ ਪਲਾਨ ਹੋਇਆ ਫੇਲ੍ਹ, ਕੈਸ਼ ਵੈਨ ਦੀ ਜੀਪੀਐਸ ਡਿਵਾਈਸ ਬੰਦ ਨਾ ਕਰਨਾ ਪਿਆ ਭਾਰੀ, ਪਲਾਸਟਿਕ ਵਿਚ ਲਪੇਟ ਕੇ ਸੈਪਟਿਕ ਟੈਂਕ ਵਿਚ ਲੁਕਾਏ ਲੱਖਾਂ ਰੁਪਏ


ਵੀਓਪੀ ਬਿਊਰੋ, ਲੁਧਿਆਣਾ-ਹੁਣ ਹੋਲੀ-ਹੋਲੀ ਲੁਧਿਆਣਾ ਵਿਖੇ ਵਾਪਰੇ 8.5 ਕਰੋੜ ਦੇ ਲੁੱਟ ਕਾਂਡ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਸਾਢੇ ਅੱਠ ਕਰੋੜ ਦੀ ਲੁੱਟ ਕਰਨ ਵਾਲੇ ਅਨਾੜੀ ਨਿਕਲੇ ਪਰ ਉਨ੍ਹਾਂ ਨੇ ਪਲਾਨਿੰਗ ਜ਼ਰੂਰ ਕੀਤੀ ਸੀ। ਪੁਲਿਸ ਅਨੁਸਾਰ ਕੈਸ਼ ਵੈਨ ਦੀ ਜੀਪੀਐਸ ਡਿਵਾਈਸ ਬੰਦ ਨਾ ਕਰਨਾ ਮੁਲਜ਼ਮਾਂ ਤਕ ਪੁਲਿਸ ਨੂੰ ਲੈ ਗਿਆ ਤੇ ਡਾਕੂ ਹਸੀਨਾ ਦਾ ਮਾਸਟਰ ਪਲਾਨ ਫੇਲ੍ਹ ਹੋ ਗਿਆ। ਕੰਪਨੀ ਦੀ ਕੈਸ਼ ਵੈਨ ਵਿਚ ਸੀਸੀਟੀਵੀ ਦੇ ਨਾਲ ਨਾਲ ਜੀਪੀਐਸ ਡਿਵਾਈਸ ਵੀ ਲੱਗੀ ਹੋਈ ਸੀ। ਮੁਲਜ਼ਮਾਂ ਨੇ ਸੀਸੀਟੀਵੀ ਦੀਆਂ ਤਾਰਾਂ ਤਾਂ ਕੱਟ ਦਿੱਤੀਆਂ ਪਰ ਜੀਪੀਐਸ ਡਿਵਾਈਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਜੀਪੀਐਸ ਦੀ ਲੋਕੇਸ਼ਨ ਟਰੇਸ ਕਰ ਕੇ ਕੈਸ਼ ਵੈਨ ਬਰਾਮਦ ਕੀਤੀ ਗਈ ਤੇ ਉਸ ਤੋਂ ਬਾਅਦ ਕੜੀਆਂ ਜੁੜਦੀਆਂ ਗਈਆਂ।

ਉਧਰ, ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਪੈਸੇ ਮਨਜਿੰਦਰ ਸਿੰਘ ਉਰਫ਼ ਮਨੀ ਦੇ ਘਰ ਲੁਕੋ ਦਿੱਤੇ ਸੀ। ਇਨ੍ਹਾਂ ਪੈਸਿਆਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਲਪੇਟ ਕੇ ਸੈਪਟਿਕ ਟੈਂਕ ਵਿਚ ਰੱਖਿਆ ਗਿਆ ਸੀ।
ਜਾਣਕਾਰੀ ਮੁਤਾਬਕ ਲੁੱਟ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਉਰਫ਼ ਮਨੀ ਦੀ ਭਾਲ ਵਿਚ ਪਿੰਡ ਅੱਬੂਵਾਲ ਉਸ ਦੇ ਘਰ ਪਹੁੰਚੀ। ਪੁਲਿਸ ਟੀਮ ਨੇ ਘਰ ਦੀ ਤਲਾਸ਼ੀ ਤੋਂ ਬਾਅਦ ਸੈਪਟਿਕ ਟੈਂਕ ਨੂੰ ਖ਼ਾਲੀ ਕਰਵਾਇਆ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਰੱਖੇ ਲੱਖਾਂ ਰੁਪਏ ਦੇ ਬੰਡਲ ਬਰਾਮਦ ਹੋਏ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਰਕਮ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ। ਸੀਆਈਏ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਪੂਰੇ ਘਰ ਦੀ ਤਲਾਸ਼ੀ ਦੌਰਾਨ ਕਈ ਥਾਵਾਂ ’ਤੇ ਟੋਏ ਵੀ ਪੁੱਟੇ, ਪਰ ਬਾਅਦ ਵਿੱਚ ਸੈਪਟਿਕ ਟੈਂਕ ਨੂੰ ਖ਼ਾਲੀ ਕਰਨ ਲਈ ਮਸ਼ੀਨ ਬੁਲਾਈ ਗਈ।


ਦੱਸ ਦਈਏ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ ਕੰਪਨੀ ’ਚੋਂ ਸਾਢੇ ਅੱਠ ਕਰੋੜ ਰੁਪਏ ਦੀ ਲੁੱਟ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 6 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਗਿਰੋਹ ਦੀ ਸਰਗਨਾ ਔਰਤ ਸਣੇ ਪੰਜ ਮੁਲਜ਼ਮ ਹਾਲੇ ਫ਼ਰਾਰ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੰਜ ਕਰੋੜ ਰੁਪਏ, ਸੀਐਮਐਸ ਕੰਪਨੀ ਦੀ ਗੱਡੀ, ਵਾਰਦਾਤ ’ਚ ਵਰਤੀ ਗਈ ਕਾਰ, ਤਿੰਨ ਰਾਈਫਲਾਂ 12 ਬੋਰ, ਤੇਜ਼ਧਾਰ ਹਥਿਆਰ, ਹਾਈਡਰੌਲਿਕ ਪੌੜੀ ਆਦਿ ਬਰਾਮਦ ਕਰ ਲਏ ਹਨ।

error: Content is protected !!