ਹੁਣ ਜਲੰਧਰ ਵਿਚ ਹੋਈ ਗੈਸ ਲੀਕ, ਲੋਕਾਂ ਨੂੰ ਹੋਣ ਲੱਗੀ ਸਾਹ ਲੈਣ ਵਿਚ ਤਕਲੀਫ਼ , ਸਹਿਮ ਦਾ ਬਣਿਆ ਮਾਹੌਲ

ਹੁਣ ਜਲੰਧਰ ਵਿਚ ਹੋਈ ਗੈਸ ਲੀਕ, ਲੋਕਾਂ ਨੂੰ ਹੋਣ ਲੱਗੀ ਸਾਹ ਲੈਣ ਵਿਚ ਤਕਲੀਫ਼ , ਸਹਿਮ ਦਾ ਬਣਿਆ ਮਾਹੌਲ


ਵੀਓਪੀ ਬਿਊਰੋ, ਜਲੰਧਰ- ਲੁਧਿਆਣਾ ਵਿਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਹੋਏ ਜਾਨੀ-ਮਾਲੀ ਨੁਕਸਾਨ ਦਾ ਮਾਮਲਾ ਹਾਲੇ ਵਿਚ ਲੋਕਾਂ ਦੇ ਚੇਤਿਆਂ ਵਿਚ ਹੈ। ਲੁਧਿਆਣਾ ਤੋਂ ਬਾਅਦ ਹੁਣ ਇੱਕ ਹੋਰ ਗੈਸ ਲੀਕ ਦਾ ਮਾਮਲਾ ਸਾਹਮਣੇ ਆ ਗਿਆ ਹੈ। ਹੁਣ ਜਲੰਧਰ ਦੇ ਇਕ ਕੋਲਡ ਸਟੋਰ ‘ਚ ਗੈਸ ਲੀਕ ਹੋਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਲਾਡੋਵਾਲੀ ਰੋਡ ਦੇ ਨੇੜੇ ਬਰਫ਼ ਦੇ ਇਕ ਕੋਲਡ ਸਟੋਰ ‘ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਘਬਰਾ ਗਏ। ਗੈਸ ਲੀਕ ਹੋਣ ਮਗਰੋਂ ਇਲਾਕਾ ਵਾਸੀਆਂ ਨੂੰ ਸਾਹ ਲੈਣ ‘ਚ ਦਿੱਕਤ ਆਉਣ ਲੱਗੀ ਅਤੇ ਅੱਖਾਂ ‘ਚ ਤੇਜ਼ ਜਲਣ ਹੋਣ ਲੱਗੀ। ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋ ਗਈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਕੋਲਡ ਸਟੋਰ ‘ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਮੱਸਿਆਵਾਂ ਆਉਣ ਲੱਗੀਆਂ ਅਤੇ ਕੁੱਝ ਲੋਕਾਂ ਨੂੰ ਤਾਂ ਉਲਟੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕੋਲਡ ਸਟੋਰ ‘ਚ ਪਹਿਲਾਂ ਵੀ ਗੈਸ ਲੀਕ ਹੋ ਚੁੱਕੀ ਹੈ ਜਿਸ ਕਰਕੇ ਇਲਾਕਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


ਉਨ੍ਹਾਂ ਕਿਹਾ ਕਿ ਇਸ ਬਾਰੇ ਜਲੰਧਰ ਦੇ ਡੀਸੀ ਅਤੇ ਡੀਸੀਪੀ ਜਗਮੋਹਨ ਸਿੰਘ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਬਾਰੇ ਕੋਲਡ ਸਟੋਰ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੋਲਡ ਸਟੋਰ ‘ਚ ਕੋਈ ਗੈਸ ਲੀਕ ਨਹੀਂ ਹੁੰਦੀ ਹੈ, ਸਗੋਂ ਇਹ ਗਟਰ ਦੀ ਬਲਾਕੇਜ ਕਾਰਨ ਗੈਸ ਲੀਕ ਹੁੰਦੀ ਹੈ।

error: Content is protected !!