ਸ਼ੱਕ ਕਾਰਨ 17 ਸਾਲਾ ਭੈਣ ਦਾ ਟੋਕੇ ਦੇ ਬਲੇਡ ਨਾਲ ਵੱਢਿਆ ਗਲਾ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਭਰਾ

ਸ਼ੱਕ ਕਾਰਨ 17 ਸਾਲਾ ਭੈਣ ਦਾ ਟੋਕੇ ਦੇ ਬਲੇਡ ਨਾਲ ਵੱਢਿਆ ਗਲਾ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਇਆ ਭਰਾ


ਵੀਓਪੀ ਬਿਊਰੋ, ਗਿੱਦੜਬਾਹਾ-ਹਲਕਾ ਗਿੱਦੜਬਾਹਾ ਦੇ ਪਿੰਡ ਫਕਰਸਰ ਵਿਖੇ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਸ਼ੱਕ ਨੇ ਇਕ ਹੱਸਦਾ ਵੱਸਦਾ ਘਰ ਉਜਾੜ ਦਿੱਤਾ। 19 ਸਾਲਾ ਨੌਜਵਾਨ ਨੇ ਆਪਣੀ 17 ਸਾਲਾ ਭੈਣ ਦਾ ਸ਼ੱਕ ਕਾਰਨ ਟੋਕੇ ਦੇ ਬਲੇਡ ਨਾਲ ਗਲ ਵੱਢ ਕੇ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ‘ਤੋਂ ਫ਼ਰਾਰ ਹੈ।


ਜਦੋਂ ਇਸ ਵਾਰਦਾਤ ਬਾਬਤ ਪੁਲਿਸ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਜਸਬੀਰ ਸਿੰਘ ਪੰਨੂੰ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਨੇ ਆਪਣੀ ਭੈਣ ਅੰਜੂ ਕੌਰ ਦਾ ਟੋਕੇ ਦੇ ਬਲੇਡ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ।


ਘਟਨਾ ਸਮੇਂ ਕੁਲਵਿੰਦਰ ਸਿੰਘ ਅਤੇ ਉਸ ਦੀ ਭੈਣ ਅੰਜੂ ਕੌਰ ਘਰ ਵਿਚ ਸਨ, ਜਦੋਂਕਿ ਇਨ੍ਹਾਂ ਦੀ ਛੋਟੀ ਭੈਣ ਨੀਸ਼ੂ ਕੌਰ (13 ਸਾਲ) ਨੂੰ ਮੁਲਜ਼ਮ ਕੁਲਵਿੰਦਰ ਸਿੰਘ ਪਿੰਡ ਵਿੱਚ ਹੀ ਕਿਸੇ ਹੋਰ ਦੇ ਘਰ ਛੱਡ ਆਇਆ, ਜਦੋਂਕਿ ਉਸ ਦੀ ਮਾਤਾ ਵੀਰਪਾਲ ਕੌਰ ਖੇਤਾਂ ਵਿਚ ਝੋਨਾ ਲਾਉਣ ਲਈ ਗਈ ਹੋਈ ਸੀ। ਇਸ ਦੌਰਾਨ ਕੁਲਵਿੰਦਰ ਸਿੰਘ ਅਤੇ ਅੰਜੂ ਕੌਰ ਵਿਚਾਲੇ ਝਗੜਾ ਹੋਇਆ ਅਤੇ ਕੁਲਵਿੰਦਰ ਸਿੰਘ ਨੇ ਟੋਕੇ ਦੇ ਬਲੇਡ ਨਾਲ ਅੰਜੂ ਕੌਰ ਦਾ ਗਲਾ ਵੱਢ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਤੋਂ ਇਹ ਤੱਥ ਸਾਹਮਣੇ ਆਏ ਹਨ ਕਿ ਮੁਲਜ਼ਮ ਕੁਲਵਿੰਦਰ ਸਿੰਘ ਆਪਣੀ ਭੈਣ ਅੰਜੂ ਕੌਰ ਉਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਉਸ ਨੇ ਆਪਣੀ ਭੈਣ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਕੁਲਵਿੰਦਰ ਸਿੰਘ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।


ਜ਼ਿਕਰਕਰਯੋਗ ਹੈ ਕਿ ਅੰਜੂ ਕੌਰ ਪਿੰਡ ਫਰਕਰਸਰ-ਥੇੜੀ ਦੇ ਸਰਕਾਰੀ ਸਕੂਲ ਵਿਖੇ 10ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਉਸਦੇ ਪਿਤਾ ਸੁਰਜੀਤ ਸਿੰਘ ਦੀ ਕਰੀਬ 5 ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਚੁੱਕੀ ਹੈ।

error: Content is protected !!