2 ਜੁਲਾਈ ਨੂੰ ਹੋਣਾ ਸੀ ਵੱਡੇ ਪੁੱਤ ਦਾ ਵਿਆਹ, ਛੋਟਾ ਪੁੱਤ ਤੇ ਪਿਓ ਨਹਿਰ ਵਿਚ ਨਹਾਉਂਦੇ ਰੁੜ੍ਹ ਗਏ, ਧਰੀਆਂ ਧਰਾਈਆਂ ਰਹਿ ਗਈਆਂ ਤਿਆਰੀਆਂ

2 ਜੁਲਾਈ ਨੂੰ ਹੋਣਾ ਸੀ ਵੱਡੇ ਪੁੱਤ ਦਾ ਵਿਆਹ, ਛੋਟਾ ਪੁੱਤ ਤੇ ਪਿਓ ਨਹਿਰ ਵਿਚ ਨਹਾਉਂਦੇ ਰੁੜ੍ਹ ਗਏ, ਧਰੀਆਂ ਧਰਾਈਆਂ ਰਹਿ ਗਈਆਂ ਤਿਆਰੀਆਂ


ਵੀਓਪੀ ਬਿਊਰੋ, ਤਰਨਤਾਰਨ- ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ ਤੇ ਪੁੱਤ ਦੇ ਰੁੜ੍ਹ ਗਏ। ਥਾਣਾ ਸਰਹਾਲੀ ਅਧੀਨ ਪੈਂਦੇ ਘਰਾਟ ਕੈਰੋਂ ਵਿਖੇ ਇਹ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਾਲੀ ਦੀ ਪੁਲਿਸ ਅਤੇ ਗੋਤਾਖੋਰਾਂ ਵੱਲੋਂ ਦੋਵਾਂ ਦੀਆਂ ਲਾਸ਼ਾਂ ਲੱਭਣ ਸਬੰਧੀ ਜੱਦੋ-ਜ਼ਹਿਦ ਜਾਰੀ ਹੈ। ਜ਼ਿਕਰਯੋਗ ਹੈ ਕਿ ਨਹਿਰ ’ਚ ਡੁੱਬਣ ਵਾਲੇ ਪਿਓ ਦੇ ਵੱਡੇ ਬੇਟੇ ਦਾ 3 ਦਿਨ ਬਾਅਦ ਵਿਆਹ ਸੀ, ਜਿਸ ਸਬੰਧੀ ਘਰ ’ਚ ਵਿਆਹ ਦੀਆਂ ਤਿਆਰੀਆਂ ਧਰੀਆਂ ਹੀ ਰਹਿ ਗਈਆਂ।


ਜਾਣਕਾਰੀ ਅਨੁਸਾਰ ਗੁਰਦਿੱਤ ਸਿੰਘ (16) ਪੁੱਤਰ ਤੇਜਿੰਦਰ ਸਿੰਘ ਆਪਣੇ ਪਿਤਾ ਤਜਿੰਦਰ ਸਿੰਘ (48) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੌੜਾ ਗਰਮੀ ਤੋਂ ਸਤਾਏ ਹੋਣ ਕਾਰਨ ਜੌੜਾ ਵਾਲੀ ਮੁੱਖ ਨਹਿਰ ਘਰਾਟ ਕੈਰੋਂ ਵਿਖੇ ਨਹਾਉਣ ਚਲੇ ਗਏ। ਲੋਕਾਂ ਦੇ ਦੱਸਣ ਅਨੁਸਾਰ ਜਦੋਂ ਦੋਵੇਂ ਪਿਓ-ਪੁੱਤ ਨਹਾ ਰਹੇ ਸਨ, ਉਨ੍ਹਾਂ ਨੂੰ ਪਾਣੀ ਦਾ ਤੇਜ਼ ਵਹਾਅ ਰੋੜ੍ਹ ਕੇ ਲੈ ਗਿਆ। ਵੇਖਦੇ-ਵੇਖਦੇ ਦੋਵੇਂ ਪਿਓ-ਪੁੱਤ ਪਾਣੀ ’ਚ ਡੁੱਬਣਾ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਬਚਾਉਣ ਲਈ ਆਸ-ਪਾਸ ਦੇ ਕੁਝ ਲੋਕਾਂ ਵਲੋਂ ਕੋਸ਼ਿਸ਼ ਵੀ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਸ਼ਿਸ਼ ਨਾਕਾਮ ਰਹੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਅਤੇ ਗੋਤਾਖੋਰ ਮੌਕੇ ’ਤੇ ਆ ਪੁੱਜੇ, ਜਿਨ੍ਹਾਂ ਵਲੋਂ ਦੋਵਾਂ ਪਿਓ-ਪੁੱਤਰਾਂ ਨੂੰ ਲੱਭਣ ਦੀ ਦੇਰ ਸ਼ਾਮ ਤੱਕ ਕੋਸ਼ਿਸ਼ ਜਾਰੀ ਸੀ।


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ 2 ਜੁਲਾਈ ਨੂੰ ਵਿਆਹ ਹੋਣਾ ਹੈ, ਜਿਸ ਸਬੰਧੀ ਘਰ ’ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ। ਜ਼ਿਆਦਾ ਗਰਮੀ ਮਹਿਸੂਸ ਕਰਨ ਤੋਂ ਬਾਅਦ ਉਸ ਦਾ ਪਿਤਾ ਅਤੇ ਛੋਟਾ ਭਰਾ ਨਹਿਰ ’ਚ ਨਹਾਉਣ ਚਲੇ ਗਏ।

error: Content is protected !!