ਫੈਵੀ ਕੁਇਕ ਲਾ ਬੁੱਲ੍ਹ ਜੋੜੇ, ਆਰੀ ਨਾਲ ਧੜ੍ਹ ਤੋਂ ਸਿਰ ਕੀਤਾ ਵੱਖ, ਬੈਡ ਬਾਕਸ ਵਿਚ ਲਾਸ਼ ਲੁਕੋ, ਉਪਰ ਸੌਂਦਾ ਰਿਹਾ

ਖੁਦ ਨੂੰ ਮਰਿਆ ਹੋਇਆ ਦੱਸਣ ਲਈ ਮਿਲਦੀ ਕੱਦਕਾਠੀ ਵਾਲੇ ਵਿਅਕਤੀ ਨੂੰ ਦੋਸਤ ਬਣਾ ਕੀਤੀ ਹੱਤਿਆ, ਆਪਣੇ ਪਛਾਣ ਪੱਤਰ ਪਾ ਦਿੱਤੇ ਮ੍ਰਿਤਕ ਦੀ ਜੇਬ ਵਿਚ, ਹੁਣ ਤਕ ਕਰ ਚੁਕੈ ਪੰਜ ਕਤਲ


ਵੀਓਪੀ ਬਿਊਰੋ, ਲੁਧਿਆਣਾ : ਚਿਹਰੇ ‘ਤੇ ਫੈਵੀ ਕੁਇਕ ਸੁੱਟਣ ਤੋਂ ਬਾਅਦ ਆਰੀ ਨਾਲ ਧੌਣ ਤੇ ਦੋਵਾਂ ਹੱਥਾਂ ਦੀਆਂ ਉਂਗਲਾਂ ਨੂੰ ਕੱਟ ਦਿੱਤੀਆਂ। ਵਿਅਕਤੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਵਾਲੇ ਸੀਰੀਅਲ ਕਿਲਰ ਜੋੜੇ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੇ ਖੁਦ ਨੂੰ ਮਰਿਆ ਸਾਬਿਤ ਕਰਨ ਲਈ ਆਪਣੇ ਪਛਾਣ ਪੱਤਰ ਮ੍ਰਿਤਕ ਦੀ ਜੇਬ ਵਿਚ ਪਾ ਦਿੱਤੇ ਸਨ। ਜੋੜੇ ਨੇ ਪੁਲਿਸ ਨੂੰ ਗੁਮਰਾਹ ਕਰਨ ਲਈ ਲਾਸ਼ ਨੂੰ ਇਕ ਬੋਰੀ ਵਿਚ ਬੰਦ ਕੀਤਾ ਤੇ ਥਾਣਾ ਡਵੀਜ਼ਨ ਨੰਬਰ ਸੱਤ ਦੇ ਇਲਾਕੇ ਵਿੱਚ ਪੈਂਦੇ ਆਦਰਸ਼ ਨਗਰ ਦੀ ਇੱਕ ਗਲੀ ਵਿੱਚ ਰੱਖ ਦਿੱਤਾ। ਕਤਲ ਦੀ ਇਸ ਸਨਸਨੀਖੇਜ਼ ਵਾਰਦਾਤ ਦੇ ਤਿੰਨ ਦਿਨਾਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਹੋਰ ਵਿਗਿਆਨਕ ਢੰਗ ਨਾਲ ਪੜਤਾਲ ਕਰ ਕੇ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ।


ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਧੇਪੁਰਾ ਬਿਹਾਰ ਦੇ ਰਹਿਣ ਵਾਲੇ ਅਤੇ ਹਾਲ ਵਾਸੀ ਕਿਦਵਾਈ ਨਗਰ ਪੰਕਜ ਸ਼ਰਮਾ ਅਤੇ ਉਸ ਦੀ ਪਤਨੀ ਨੇ ਨੇਹਾ ਕੁਮਾਰੀ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜਮ ਸੀਰੀਅਲ ਕਿਲਰ ਹੈ ਅਤੇ ਉਸਨੇ ਪੰਜ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸਨੇ ਉਸਦੇ ਦੋ ਬੱਚਿਆਂ ਨੂੰ ਵੀ ਅਗਵਾ ਕਰ ਲਿਆ ਸੀ, ਜੋ ਉਸਦੇ ਕਬਜੇ ਚੋਂ ਕਿਦਵਾਈ ਨਗਰ ਇਲਾਕੇ ਚੋਂ ਬਰਾਮਦ ਕਰ ਲਏ ਗਏ ਹਨ।


ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਸੂਬਿਆਂ ਦੀ ਪੁਲਿਸ ਪੰਕਜ ਸ਼ਰਮਾ ਨੂੰ ਲਭ ਰਹੀ ਸੀ। ਮੁਲਜ਼ਮ ਨੇ ਪੁਲਿਸ ਦੀ ਨਜ਼ਰ ਵਿੱਚ ਖੁਦ ਨੂੰ ਮਰਿਆ ਸਾਬਤ ਕਰਨ ਲਈ ਆਪਣੀ ਪਤਨੀ ਨਾਲ ਮਿਲ ਕੇ ਇੱਕ ਵਿਉਂਤ ਘੜੀ। ਮੁਲਜ਼ਮ ਨੇ ਆਪਣੀ ਕੱਦਕਾਠੀ ਵਾਲੇ ਵਿਅਕਤੀ ਰਾਮ ਪ੍ਰਸ਼ਾਦ ਨਾਲ ਨੇੜਤਾ ਬਣਾ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੀ ਪਤਨੀ ਨਾਲ ਮਿਲ ਕੇ ਰਾਮ ਪ੍ਰਸਾਦ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਉਪਰੰਤ ਦੋ ਦਿਨ ਦਿਨ ਲਾਸ਼ ਨੂੰ ਬੈਡ ਬਾਕਸ ਵਿਚ ਲੁਕੋ ਦਿੱਤਾ ਤੇ ਰਾਤ ਨੂੰ ਉਸ ਬੈਡ ਬਾਕਸ ਉਤੇ ਸੌਂਦਾ ਰਿਹਾ। ਉਧਰੋਂ ਇਸ ਮਾਮਲੇ ਵਿੱਚ ਡੀਜੀਪੀ ਨੇ ਲੁਧਿਆਣਾ ਪੁਲਿਸ ਦੀ ਹੌਸਲਾ ਅਫਜ਼ਾਈ ਲਈ ਮਾਮਲਾ ਸੁਲਝਾਉਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਡੀਜੀਪੀ ਡਿਸਕ ਤੇ ਚਾਰ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।

error: Content is protected !!