ਕਾਲਾ ਜਾਦੂ ਸਿੱਖਣ ਤੇ ਕਾਰੋਬਾਰ ਚਲਾਉਣ ਲਈ ਗੁਵਾਂਢੀਆਂ ਨੇ 9 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ

ਕਾਲਾ ਜਾਦੂ ਸਿੱਖਣ ਤੇ ਕਾਰੋਬਾਰ ਚਲਾਉਣ ਲਈ ਗੁਵਾਂਢੀਆਂ ਨੇ 9 ਸਾਲਾ ਧੀ ਨੂੰ ਉਤਾਰਿਆ ਮੌਤ ਦੇ ਘਾਟ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਵੇਰਕਾ ਦੇ ਪਿੰਡ ਮੂਧਲ ਦੀ 9 ਸਾਲਾ ਸੁਖਮਨਦੀਪ ਕੌਰ ਦੇ ਕਤਲ ਮਾਮਲੇ ‘ਚ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਵੇਰਕਾ ਪੁਲਿਸ ਵੱਲੋਂ ਬੱਚੀ ਦੇ ਗੁਆਂਢ ਵਿੱਚ ਰਹਿਣ ਵਾਲੀ ਜਸਬੀਰ ਕੌਰ ਅਤੇ ਤਿੰਨ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਘਟਨਾ ਦਾ ਖੁਲਾਸਾ ਹੋਇਆ ਹੈ। ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ। ਇਸ ਦੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਤਾਂਤਰਿਕਾਂ ਦੇ ਜਾਲ ‘ਚ ਫਸੀ ਹੋਈ ਸੀ। ਇਸੇ ਆੜ ਵਿੱਚ ਉਸ ਨੇ ਬੱਚੀ ਨੂੰ ਮਾਰਨ ਦੀ ਸਾਜ਼ਿਸ਼ ਰਚੀ।


ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਜਸਬੀਰ ਕੌਰ ਤਾਂਤਰਿਕ ਤੋਂ ਪ੍ਰਭਾਵਿਤ ਸੀ ਅਤੇ ਉਹ ਖ਼ੁਦ ਕਾਲਾ ਜਾਦੂ ਸਿੱਖ ਕੇ ਪਰਿਵਾਰਕ ਕਾਰੋਬਾਰ ਵਧਾਉਣਾ ਚਾਹੁੰਦੀ ਸੀ। ਵੇਰਕਾ ਪੁਲਿਸ ਨੇ ਪਿੰਡ ਮੂਧਲ ਦੇ ਗੁਆਂਢੀ ਰਹਿਣ ਵਾਲੇ ਦਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਉਸ ਦੇ ਪੁੱਤਰ ਸੂਰਜ ਸਿੰਘ ਅਤੇ ਨੂੰਹ ਪਵਨਦੀਪ ਕੌਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।


ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰਨ ‘ਤੇ ਇਹ ਖੁਲਾਸਾ ਹੋਇਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਵੇਰਕਾ ਥਾਣੇ ਦੇ ਇੰਚਾਰਜ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਬਾਰੇ ਨਾ ਤਾਂ ਕੋਈ ਜਾਣਕਾਰੀ ਮਿਲੀ ਹੈ ਅਤੇ ਨਾ ਹੀ ਉਸ ਦੀ ਪਛਾਣ ਹੋ ਸਕੀ ਹੈ। ਫਿਲਹਾਲ ਪੁਲਿਸ ਦੋਸ਼ੀ ਦੀ ਪਹਿਚਾਣ ਕਰਨ ਦੇ ਨਾਲ-ਨਾਲ ਉਸਦੀ ਭਾਲ ਕਰ ਰਹੀ ਹੈ।
ਸੁਖਮਨਦੀਪ ਕੌਰ ਮੰਗਲਵਾਰ ਸ਼ਾਮ ਨੂੰ ਦੋਸ਼ੀ ਦਲਬੀਰ ਸਿੰਘ ਅਤੇ ਜਸਬੀਰ ਕੌਰ ਦੇ ਘਰ ਪਹੁੰਚੀ। ਮੁਲਜ਼ਮਾਂ ਨੇ ਇੱਕ ਸਾਜ਼ਿਸ਼ ਤਹਿਤ ਆਪਣੇ ਹੀ ਘਰ ਵਿੱਚ ਚਾਕੂ ਨਾਲ ਲੜਕੀ ਦੇ ਦਿਲ ’ਤੇ ਵਾਰ ਕਰ ਦਿੱਤਾ। ਮੁਲਜ਼ਮ ਨੇ ਪੁਲਿਸ ਪੁੱਛਗਿੱਛ ਵਿੱਚ ਖੁਲਾਸਾ ਕੀਤਾ ਕਿ ਹਮਲੇ ਤੋਂ ਬਾਅਦ ਲੜਕੀ ਦੀ ਤੜਫ-ਤੜਫ ਕੇ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲੜਕੀ ਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਰਾਤ ਸਮੇਂ ਨੇੜੇ ਦੀ ਹਵੇਲੀ ਵਿੱਚ ਛੁਪਾ ਦਿੱਤਾ ਅਤੇ ਸ਼ੱਕ ਤੋਂ ਬਚਣ ਲਈ ਪਰਿਵਾਰ ਸਮੇਤ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ।

ਏਸੀਪੀ ਵੈਸਟ ਸੁਖਪਾਲ ਸਿੰਘ ਨੇ ਦੱਸਿਆ ਕਿ ਮੂਧਲ ਵਾਸੀ ਦਲਬੀਰ ਸਿੰਘ, ਉਸ ਦੀ ਪਤਨੀ, ਪੁੱਤਰ ਅਤੇ ਨੂੰਹ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਤਲ ਕਿਸੇ ਤਾਂਤਰਿਕ ਦੇ ਉਕਸਾਉਣ ‘ਤੇ ਕੀਤਾ ਗਿਆ ਹੈ। ਪਰ ਅਜੇ ਤੱਕ ਕਿਸੇ ਤਾਂਤਰਿਕ ਦੀ ਪਛਾਣ ਨਹੀਂ ਹੋ ਸਕੀ ਹੈ।

error: Content is protected !!