ਪੰਜਾਬ ਦੇ ਡੀਸੀ ਤੇ ਐੱਸਡੀਐੱਮ ਦਫਤਰਾਂ ‘ਚ ਕਾਮੇ ਹੜਤਾਲ ‘ਤੇ, ਕਹਿੰਦੇ- AAP ਵਿਧਾਇਕ ਨੇ ਕੀਤੀ ਬਦਤਮੀਜ਼ੀ ਹੁਣ ਮਾਫੀ ਮੰਗੇ

ਪੰਜਾਬ ਦੇ ਡੀਸੀ ਤੇ ਐੱਸਡੀਐੱਮ ਦਫਤਰਾਂ ‘ਚ ਕਾਮੇ ਹੜਤਾਲ ‘ਤੇ, ਕਹਿੰਦੇ- AAP ਵਿਧਾਇਕ ਨੇ ਕੀਤੀ ਬਦਤਮੀਜ਼ੀ ਹੁਣ ਮਾਫੀ ਮੰਗੇ

ਰੋਪੜ (ਵੀਓਪੀ ਬਿਊਰੋ) ਪੰਜਾਬ ਦੇ ਡੀਸੀ ਅਤੇ ਐੱਸਡੀਐੱਮ ਦਫ਼ਤਰਾਂ ਵਿੱਚ ਅੱਜ ਹੜਤਾਲ ਰਹੀ। ਹਾਲ ਹੀ ‘ਚ ‘ਆਪ’ ਵਿਧਾਇਕ ਦਿਨੇਸ਼ ਚੱਢਾ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਵਿਰੁੱਧ ਰੋਪੜ ‘ਚ ਹੜਤਾਲ ਕੀਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਤਹਿਸੀਲ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਦਾ ਐਲਾਨ ਕੀਤਾ ਸੀ, ਹੁਣ ਇਸ ਪ੍ਰਦਰਸ਼ਨ ਵਿੱਚ ਡੀਸੀ ਦਫ਼ਤਰ ਤੋਂ ਲੈ ਕੇ ਐਸਡੀਐਮ ਦਫ਼ਤਰ ਤੱਕ ਦੇ ਮੁਲਾਜ਼ਮਾਂ ਨੇ ਵੀ ਕੰਮ ਬੰਦ ਕਰ ਦਿੱਤਾ।

ਸਰਕਾਰੀ ਕਰਮਚਾਰੀ ਅੜੇ ਹੋਏ ਹਨ ਕਿ ਜਦੋਂ ਤੱਕ ਸਰਕਾਰ ਵਿਧਾਇਕ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਅਤੇ ਵਿਧਾਇਕ ਮੁਆਫੀ ਨਹੀਂ ਮੰਗਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।


ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਮੁਖੀ ਤੇਜਿੰਦਰ ਸਿੰਘ ਨੰਗਲ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਹਾਕਮ ਧਿਰ ਦੇ ਵਿਧਾਇਕਾਂ ਤੇ ਆਗੂਆਂ ਦੀ ਦਖ਼ਲਅੰਦਾਜ਼ੀ ਬਹੁਤ ਵੱਧ ਗਈ ਹੈ। ਦਫ਼ਤਰਾਂ ਵਿੱਚ ਸਟਾਫ਼ ਵੱਲੋਂ ਲੋਕਾਂ ਸਾਹਮਣੇ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ। ਕਿਸੇ ਨੂੰ ਵੀ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਮੁਲਾਜ਼ਮਾਂ ਦਾ ਅਪਮਾਨ ਨਹੀਂ ਕਰਨ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਧਾਇਕ ਨੇ ਮੁਲਾਜ਼ਮਾਂ ਦਾ ਅਪਮਾਨ ਕੀਤਾ ਹੈ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਪਵੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਮਾੜੇ ਵਤੀਰੇ ਕਾਰਨ 26 ਜੁਲਾਈ ਨੂੰ ਸਮੂਹ ਡੀਸੀ ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਕਲਮ ਛੋੜ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 26 ਜੁਲਾਈ ਨੂੰ ਸਮੂਹ ਮੁਲਾਜ਼ਮ ਰੋਪੜ ਵਿਖੇ ਇਕੱਠੇ ਹੋ ਕੇ ਸਰਕਾਰ ਤੇ ਵਿਧਾਇਕ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।

error: Content is protected !!