ਮੈਂ ਹਰ ਦੁਖੀ ਮਾਤਾ-ਪਿਤਾ ਦੇ ਹੰਝੂਆਂ ਨੂੰ ਖੁਸ਼ੀ ‘ਚ ਬਦਲ ਦਿਆਂਗਾ, ਨਸ਼ਾ ਖਤਮ ਕਰ ਦਿਆਂਗਾ: ਅਰਵਿੰਦ ਕੇਜਰੀਵਾਲ
ਨਵਾਂਸ਼ਹਿਰ/ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਦੇ ਪਿੰਡ ਲੰਗੜੋਆ ਤੋਂ ਸੂਬਾ ਪੱਧਰੀ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਦਾ ਇੱਕ ਹਿੱਸਾ ਹੈ ਜਿਸਦਾ ਉਦੇਸ਼ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਬਾਰੇ ਜਾਗਰੂਕ ਕਰਨਾ ਹੈ।

ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਇੱਥੇ ਆਉਣ ਤੋਂ ਪਹਿਲਾਂ ਮੈਂ ਸੋਚਿਆ ਸੀ ਕਿ ਲੋਕ ਕਹਿਣਗੇ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤੋਂ ਬਾਅਦ, ਨਸ਼ਿਆਂ ਦੀ ਦੁਰਵਰਤੋਂ ਥੋੜ੍ਹੀ ਘੱਟ ਗਈ ਹੈ, ਪਰ ਮੈਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਲੋਕਾਂ ਨੇ ਕਿਹਾ ਕਿ ਸਾਡਾ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਿਆ ਹੈ। ਹੁਣ ਤਾਂ ਇੱਥੇ ਨਸ਼ਾ ਬਿਲਕੁਲ ਵੀ ਨਹੀਂ ਵਿਕਦਾ।”

ਕੇਜਰੀਵਾਲ ਨੇ ਕਿਹਾ ਕਿ ਇੱਥੋਂ ਦੇ ਸਰਪੰਚ ਨੇ ਮੈਨੂੰ ਦੱਸਿਆ ਕਿ 99 ਪ੍ਰਤੀਸ਼ਤ ਨਸ਼ਾ ਖ਼ਤਮ ਹੋ ਗਿਆ ਹੈ, ਸਿਰਫ਼ ਬੀਜ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬੀਜ ਨੂੰ ਵੀ ਖ਼ਤਮ ਕਰਨਾ ਹੈ ਅਤੇ ਇਸ ਦਾ ਜੜ੍ਹੋਂ ਸਫ਼ਾਇਆ ਕਰਨਾ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਦਨਾਮ ਕੀਤਾ ਸੀ। ਇਸ ਤੋਂ ਪਹਿਲਾਂ ‘ਉਡਦਾ ਪੰਜਾਬ’ ਵਰਗੀਆਂ ਫ਼ਿਲਮਾਂ ਨਸ਼ੇ ‘ਤੇ ਬਣਦਿਆਂ ਸਨ। ਜਦੋਂ ਕਿ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਅਤੇ ਦੇਸ਼ ਦਾ ਨੰਬਰ ਇੱਕ ਸੂਬਾ ਸੀ। ਅੱਜ ਇਹ 17ਵੇਂ ਅਤੇ 18ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਪਿਛਲੀ ਸਰਕਾਰ ਦੇ ਮੰਤਰੀ ਖ਼ੁਦ ਆਪਣਿਆਂ ਕਾਰਾਂ ਵਿੱਚ ਨਸ਼ੇ ਲੈ ਕੇ ਜਾਂਦੇ ਸਨ ਅਤੇ ਪੂਰੇ ਪੰਜਾਬ ਵਿੱਚ ਵੰਡਦੇ ਸਨ। ਉਹ ਸਿਰਫ਼ ਨਸ਼ਾ ਤਸਕਰਾਂ ਦੇ ਨਾਲ ਹੀ ਨਹੀਂ ਮਿਲੇ ਹੋਏ ਸੀ, ਸਗੋਂ ਉਹ ਖ਼ੁਦ ਇੱਕ ਨਸ਼ਾ ਤਸਕਰ ਸਨ।


