ਦੁਬਈ ਤੋਂ ਪੁੱਤ ਦੀ ਮੌਤ ਦੀ ਖਬਰ ਆਈ ਤਾਂ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ, 20 ਦਿਨਾਂ ਤੋਂ ਲਾਪਤਾ ਸੀ ਨੌਜਵਾਨ

ਦੁਬਈ ਤੋਂ ਪੁੱਤ ਦੀ ਮੌਤ ਦੀ ਖਬਰ ਆਈ ਤਾਂ ਮਾਂ ਨੇ ਵੀ ਤਿਆਗ ਦਿੱਤੇ ਪ੍ਰਾਣ, 20 ਦਿਨਾਂ ਤੋਂ ਲਾਪਤਾ ਸੀ ਨੌਜਵਾਨ


ਵੀਓਪੀ ਬਿਊਰੋ, ਕਪੂਰਥਲਾ : ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਭਾਗੋਅਰਾਈਆਂ ਦਾ ਬਲਜਿੰਦਰ ਸਿੰਘ ਨਾਮਕ ਇੱਕ ਨੌਜਵਾਨ ਦੁਬਈ ਵਿਚ ਕਰੀਬ 20-25 ਦਿਨ ਪਹਿਲਾਂ ਭੇਤਭਰੇ ਹਾਲਾਤ ’ਚ ਲਾਪਤਾ ਹੋ ਗਿਆ ਸੀ। 29 ਜੁਲਾਈ ਨੂੰ ਜਦੋਂ ਦੁਬਈ ਦੀ ਇਕ ਕੰਪਨੀ ਵਲੋਂ ਘਰਦਿਆਂ ਨੂੰ ਫੋਨ ਕੀਤਾ ਗਿਆ ਕਿ ਤੁਹਾਡੇ ਲੜਕੇ ਦੀ ਹਾਰਟ ਅਟੈਕ ਨਾਲ ਮੌਤ ਗਈ ਹੈ ਤਾਂ ਪੁੱਤ ਦੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਬਲਜਿੰਦਰ ਦੀ ਮਾਂ ਨੇ ਵੀ ਦਮ ਤੋੜ ਦਿੱਤਾ।
ਮਾਂ-ਪੁੱਤ ਦੀ ਮੌਤ ਮਗਰੋਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵਲੋਂ ਬਲਜਿੰਦਰ ਜਿਸ ਕੰਪਨੀ ਵਿਚ ਕੰਮ ਕਰਦਾ ਸੀ, ਉਸ ਡਿਸਕਵਰੀ ਕੰਪਨੀ(ਅਬੂ ਧਾਬੀ) ਦੇ ਉੱਚ ਅਧਿਕਾਰੀਆਂ ਉਤੇ ਵੀ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।


ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ 12 ਜੁਲਾਈ ਤੋਂ ਲਾਪਤਾ ਸੀ, ਉਸ ਦੇ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਹੋ ਰਿਹਾ ਸੀ। ਜਦੋਂ ਬਲਜਿੰਦਰ ਦੇ ਨਾਲ ਰਹਿਣ ਵਾਲੇ ਕੁਝ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਹ ਕਮਰੇ ਵਿਚੋਂ ਗਾਇਬ ਹੈ ਅਤੇ ਉਸ ਦਾ ਸਾਮਾਨ ਕਮਰੇ ਵਿਚ ਹੀ ਪਿਆ ਹੋਇਆ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਸ ਬਾਬਤ ਜਦੋਂ ਉਨ੍ਹਾਂ ਵਲੋਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਾਨੂੰ ਕੋਈ ਸਪਸ਼ਟ ਜਵਾਬ ਨਹੀਂ ਦਿਤਾ। ਇਹ ਆਖ ਕੇ ਟਾਲ ਦਿਤਾ ਕਿ ਸਾਨੂੰ ਲਗਦਾ ਹੈ ਕਿ ਬਲਜਿੰਦਰ ਕਿਧਰੇ ਚਲਾ ਗਿਆ ਹੈ।


ਸਮਾਜ ਸੇਵੀ ਐੱਸ ਪੀ ਉਬਰਾਏ ਦੇ ਨਾਲ ਗੱਲਬਾਤ ਮਗਰੋਂ ਓਥੇ ਇਲਾਕੇ ’ਚ ਜਦੋਂ ਬਲਜਿੰਦਰ ਦੀ ਗੁੰਮਸ਼ੁਦਗੀ ਬਾਬਤ ਪੋਸਟਰ ਲਗਾਏ ਗਏ, ਤਾਂ 29 ਤਰੀਕ ਨੂੰ ਉਕਤ ਕੰਪਨੀ ਦੇ ਇੱਕ ਅਧਿਕਾਰੀ ਵਲੋਂ ਫੋਨ ’ਤੇ ਦਸਿਆ ਜਾਂਦਾ ਹੈ ਕਿ ਬਲਜਿੰਦਰ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇੱਕ ਸਰਟੀਫਿਕੇਟ ਵੀ ਭੇਜਿਆ ਜਾਂਦਾ ਹੈ। ਜਿਸ ਉਤੇ ਮੌਤ ਦੀ ਤਰੀਕ 13 ਜੁਲਾਈ ਦੱਸੀ ਜਾਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੰਪਨੀ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਨਹੀਂ ਕਿ ਬਲਜਿੰਦਰ ਜਿਊਂਦਾ ਹੈ ਜਾਂ ਨਹੀਂ ।
ਪਰਿਵਾਰਕ ਮੈਂਬਰਾਂ ਨੇ ਬਲਜਿੰਦਰ ਦੀ ਸ਼ਨਾਖਤ ਤੋਂ ਬਗੈਰ ਉਸ ਦੀ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿਤਾ ਹੈ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ MP ਸੰਤ ਸੀਚੇਵਾਲ ਤੋਂ ਗੁਹਾਰ ਲਗਾਈ ਹੈ।

error: Content is protected !!