ਨਸ਼ਾ ਤਸਕਰਾਂ ਤੇ ਪੰਜਾਬ ਪੁਲਿਸ ਵਿਚਕਾਰ ਮੁੱਠਭੇੜ, ਐਨਕਾਉਂਟਰ ‘ਚ ਮਾਰਿਆ ਗਿਆ ਇਕ ਤਸਕਰ

ਨਸ਼ਾ ਤਸਕਰਾਂ ਤੇ ਪੰਜਾਬ ਪੁਲਿਸ ਵਿਚਕਾਰ ਮੁੱਠਭੇੜ, ਐਨਕਾਉਂਟਰ ‘ਚ ਮਾਰਿਆ ਗਿਆ ਇਕ ਤਸਕਰ

ਵੀਓਪੀ ਬਿਊਰੋ- ਤਰਨਤਾਰਨ ਦੇ ਪੱਟੀ ਵਿਖੇ ਨਸ਼ਾ ਤਸਕਰਾਂ ਅਤੇ ਪੰਜਾਬ ਪੁਲਿਸ ਵਿਚਕਾਰ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਦੋਵਾਂ ਪਾਸੇ ਤੋਂ ਹੋਈ ਗੋਲੀਬਾਰੀ ‘ਚ ਇਕ ਨਸ਼ਾ ਤਸਕਰ ਮਾਰਿਆ ਗਿਆ, ਜਦਕਿ ਦੂਜੇ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹ ਮੁਕਾਬਲਾ ਪੱਟੀ ਦੇ ਪਿੰਡ ਕੈਰੋਂ ਵਿੱਚ ਹੋਇਆ। ਇਸ ਦੌਰਾਨ ਕਰੀਬ ਪੰਜ ਰਾਉਂਡ ਫਾਇਰਿੰਗ ਦੀ ਸੂਚਨਾ ਮਿਲੀ ਹੈ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਨੂੰ ਨਸ਼ਾ ਤਸਕਰਾਂ ਤੋਂ ਇਨਪੁਟ ਮਿਲੇ ਸਨ। ਇਸ ਮਗਰੋਂ ਪੁਲਿਸ ਨੇ ਨਾਕਾਬੰਦੀ ਕਰ ਦਿੱਤੀ। ਇਸੇ ਦੌਰਾਨ ਪਿੰਡ ਕੋਟੀ ਸੇਖਾਂ ਵੱਲੋਂ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਅੰਦਰ ਬੈਠੇ ਵਿਅਕਤੀ ਕਾਰ ਭਜਾ ਕੇ ਲੈ ਗਏ। ਪੁਲਿਸ ਨੂੰ ਉਨ੍ਹਾਂ ‘ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੂੰ ਪਿੱਛਿਓਂ ਆਉਂਦੀ ਦੇਖ ਕੇ ਪਹਿਲਾਂ ਪੁਲਿਸ ਦੀ ਕਾਰ ਨੂੰ ਟੱਕਰ ਮਾਰੀ।

ਇਸ ਤੋਂ ਬਾਅਦ ਵੀ ਪੁਲਿਸ ਨੇ ਪਿੱਛਾ ਨਹੀਂ ਛੱਡਿਆ ਤਾਂ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਤਸਕਰਾਂ ਵੱਲੋਂ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਗੋਲੀਬਾਰੀ ਵਿੱਚ ਇੱਕ ਤਸਕਰ ਮਾਰਿਆ ਗਿਆ। ਮਾਰੇ ਗਏ ਤਸਕਰ ਦੀ ਪਛਾਣ ਜੋਰਾ ਸਿੰਘ ਵਾਸੀ ਪਿੰਡ ਕੋਟੀ ਸੇਖਾਂ ਵਜੋਂ ਹੋਈ ਹੈ। ਫਿਲਹਾਲ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਨੇ ਮੁਕਾਬਲੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਫੋਰੈਂਸਿਕ ਵਿਭਾਗ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਕਾਰ ‘ਚੋਂ ਕਿੰਨਾ ਸਾਮਾਨ ਬਰਾਮਦ ਹੋਇਆ ਹੈ, ਇਸ ਬਾਰੇ ਪੁਲਿਸ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਹੈ। ਜਲਦੀ ਹੀ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇਵੇਗੀ।

error: Content is protected !!