ਵਿਹੜੇ ਵਿਚ ਬੈਠੀ ਚਚੇਰੀ ਭੈਣ ਨੂੰ ਕੁਹਾੜੀ ਨਾਲ ਵੱਢ ਚੀਰ ਲਿਆ ਸੀ ਆਪਣਾ ਵੀ ਗਲਾ, ਇਲਾਜ ਦੌਰਾਨ ਭੈਣ ਦੀ ਹੋਈ ਮੌਤ

ਵਿਹੜੇ ਵਿਚ ਬੈਠੀ ਚਚੇਰੀ ਭੈਣ ਨੂੰ ਕੁਹਾੜੀ ਨਾਲ ਵੱਢ ਚੀਰ ਲਿਆ ਸੀ ਆਪਣਾ ਵੀ ਗਲਾ, ਇਲਾਜ ਦੌਰਾਨ ਭੈਣ ਦੀ ਹੋਈ ਮੌਤ


ਵੀਓਪੀ ਬਿਊਰੋ, ਲੁਧਿਆਣਾ : ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ’ਚ ਮੁੰਡੇ ਵੱਲੋਂ 12 ਸਾਲਾ ਚਚੇਰੀ ਭੈਣ ਨੂੰ ਕੁਹਾੜੀ ਨਾਲ ਵੱਢ ਦਿੱਤਾ ਗਿਆ ਸੀ। ਇਸ ਮਾਮਲੇ ’ਚ ਜ਼ਖਮੀ ਭੈਣ ਸੰਧਿਆ ਦੀ ਇਲਾਜ ਦੌਰਾਨ ਹਸਪਤਾਲ ’ਚ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੁਲਜ਼ਮ ਭਰਾ ਰਾਕੇਸ਼ ਕੁਮਾਰ ਖ਼ਿਲਾਫ ਕਤਲ ਦਾ ਕੇਸ ਦਰਜ ਕੀਤਾ ਹੈ। ਹਾਲੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਾਕੇਸ਼ ਨੇ ਸੰਧਿਆ ਨੂੰ ਕਿਉਂ ਮਾਰਿਆ ?
ਅਸਲ ਵਿਚ, ਮ੍ਰਿਤਕ ਸੰਧਿਆ ਅਤੇ ਜ਼ਖਮੀ ਰਾਕੇਸ਼ ਚਚੇਰੇ ਭੈਣ-ਭਰਾ ਹਨ, ਜੋ ਬਾੜੇਵਾਲ ਸਥਿਤ ਭਾਈ ਦਯਾ ਸਿੰਘ ਨਗਰ ਦੇ ਇਕ ਵਿਹੜੇ ’ਚ ਰਹਿੰਦੇ ਹਨ। ਬੀਤੇ ਸ਼ਨੀਵਾਰ ਦੀ ਬਾਅਦ ਦੁਪਹਿਰ ਸੰਧਿਆ ਬਾਹਰ ਵਿਹੜੇ ’ਚ ਬੈਠੀ ਹੋਈ ਸੀ। ਇਸ ਦੌਰਾਨ ਰਾਕੇਸ਼ ਆਪਣੇ ਕਮਰੇ ’ਚ ਸੀ। ਕੁਝ ਹੀ ਦੇਰ ਬਾਅਦ ਰਾਕੇਸ਼ ਕਮਰੇ ’ਚੋਂ ਕੁਹਾੜੀ ਲੈ ਕੇ ਨਿਕਲਿਆ ਅਤੇ ਉਸ ਨੇ ਵਿਹੜੇ ਵਿਚ ਬੈਠੀ ਸੰਧਿਆ ’ਤੇ ਕੁਹਾੜੀ ਨਾਲ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਆਸ-ਪਾਸ ਦੇ ਲੋਕ ਸੁੰਨ ਰਹਿ ਗਏ। ਕੋਲ ਹੀ ਮੌਜੂਦ ਸੰਧਿਆ ਦੀ ਭੈਣ ਨੇ ਕਿਸੇ ਤਰ੍ਹਾਂ ਰਾਕੇਸ਼ ਨੂੰ ਪਾਸੇ ਕੀਤਾ ਪਰ ਰਾਕੇਸ਼ ਨੇ ਇਸ ਦੌਰਾਨ ਤੇਜ਼ਧਾਰ ਹਥਿਆਰ ਕੱਢਿਆ ਅਤੇ ਖੁਦ ਦਾ ਵੀ ਗਲਾ ਵੱਢ ਲਿਆ ਸੀ।


ਇਸ ਮੌਕੇ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਸਨ, ਜਿਨ੍ਹਾਂ ਨੂੰ ਇਕ ਟੈਂਪੂ ਰਾਹੀਂ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਸੀ। ਉੱਥੋਂ ਰਾਕੇਸ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ, ਜਦੋਂਕਿ ਸੰਧਿਆ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਸੀ। ਐਤਵਾਰ ਦੀ ਦੇਰ ਰਾਤ ਨੂੰ ਸੰਧਿਆ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਜਦੋਂਕਿ ਰਾਕੇਸ਼ ਦਾ ਅਜੇ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਮੌਕੇ ’ਤੇ ਥਾਣਾ ਸਰਾਭਾ ਨਗਰ ਅਤੇ ਚੌਕੀ ਰਘੂਨਾਥ ਐਨਕਲੇਵ ਦੀ ਪੁਲਿਸ ਪੁੱਜੀ। ਜਾਂਚ ਦੌਰਾਨ ਪੁਲਸ ਨੂੰ ਸੰਧਿਆ ਦੇ ਕਮਰੇ ’ਚੋਂ ਸਿਲੰਡਰ ਦੇ ਨਾਲ ਕੁਝ ਕੱਪੜੇ ਸੜੇ ਹੋਏ ਮਿਲੇ ਹਨ। ਪੁਲਿਸ ਨੇ ਇਹ ਕਬਜ਼ੇ ਵਿਚ ਲੈ ਲਏ ਹਨ।


ਉੱਧਰ, ਐੱਸ. ਐੱਚ. ਓ. ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ’ਤੇ ਕਤਲ ਦੀ ਧਾਰਾ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।ਰਾਕੇਸ਼ ਨੇ ਸੰਧਿਆ ਨੂੰ ਕਿਉਂ ਮਾਰਿਆ, ਅਜੇ ਇਸ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਸੰਧਿਆ ਦੇ ਘਰ ਵਾਲਿਆਂ ਨੂੰ ਵੀ ਇਸ ਸਬੰਧੀ ਕੁਝ ਪਤਾ ਨਹੀਂ। ਰਾਕੇਸ਼ ਦੇ ਠੀਕ ਹੋਣ ਉਪਰੰਤ ਹੀ ਇਸ ਬਾਰੇ ਪਤਾ ਲਗ ਸਕੇਗਾ।

error: Content is protected !!