ਮਾਂ ਨੇ 1.35 ਲੱਖ ਵਿਚ ਵੇਚ ਦਿੱਤਾ ਡੇਢ ਸਾਲਾ ਬੱਚਾ, ਪਤੀ ਨੇ ਪੁੱਤ ਬਾਰੇ ਪੁੱਛਿਆ ਤਾਂ ਜਾਨੋਂ ਮਾਰਨ ਦੀਆਂ ਦੇਣ ਲੱਗੀ ਧਮਕੀਆਂ

ਮਾਂ ਨੇ 1.35 ਲੱਖ ਵਿਚ ਵੇਚ ਦਿੱਤਾ ਡੇਢ ਸਾਲਾ ਬੱਚਾ, ਪਤੀ ਨੇ ਪੁੱਤ ਬਾਰੇ ਪੁੱਛਿਆ ਤਾਂ ਜਾਨੋਂ ਮਾਰਨ ਦੀਆਂ ਦੇਣ ਲੱਗੀ ਧਮਕੀਆਂ


ਵੀਓਪੀ ਬਿਊਰੋ, ਬਠਿੰਡਾ-ਬਠਿੰਡਾ ਤੋਂ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣਾ ਡੇਢ ਸਾਲ ਦਾ ਬੱਚਾ ਹਰਿਆਣਾ ਦੇ ਰਹਿਣ ਵਾਲੇ ਇੱਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ। ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਹਰਿਆਣਾ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਗੁਮਰਾਹ ਕਰਕੇ ਇੱਕ ਲੱਖ 35 ਹਜਾਰ ਰੁਪਏ ਵਿੱਚ ਇਹ ਸੌਦਾ ਕੀਤਾ ਸੀ। ਪੁਲਿਸ ਨੇ ਮੁਲਜ਼ਮ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਚਾਰ ਔਰਤਾਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਕਥਿਤ ਦੋਸ਼ੀਆਂ ਵਿਚ ਬਠਿੰਡਾ ਤੋਂ ਇਲਾਵਾ ਅੰਬਾਲਾ, ਪਟਿਆਲਾ ਤੇ ਤਪਾ ਮੰਡੀ ਦੇ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ ਧੋਬੀਆਣਾ ਬਸਤੀ ਦੇ ਰਹਿਣ ਵਾਲੇ ਭਾਰਤ ਭੂਸ਼ਨ ਨੇ ਜ਼ਿਲ੍ਹਾ ਪੁਲਿਸ ਕਪਤਾਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ ਸਾਲ 2018 ਵਿੱਚ ਸੁਖਵਿੰਦਰ ਕੌਰ ਵਾਸੀ ਪਿੰਡ ਤਾਜੋਕੇ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨਾਲ ਹੋਇਆ ਸੀ। ਉਸਦੇ ਘਰ ਦੋ ਲੜਕਿਆਂ ਨੇ ਜਨਮ ਲਿਆ ਸੀ।
ਪੀੜਤ ਨੇ ਦੱਸਿਆ ਹੈ ਕਿ ਇਸ ਦੌਰਾਨ ਉਸ ਦੀ ਪਤਨੀ ਨੇ ਸੁਮਨਦੀਪ ਸਿੰਘ ਵਾਸੀ ਪਿੰਡ ਬੀਬੀਵਾਲਾ ਨਾਲ ਸਬੰਧ ਬਣਾ ਲਏ, ਜਿਸ ਕਾਰਨ ਉਸ ਦੇ ਘਰ ਵਿਚ ਲੜਾਈ ਝਗੜਾ ਰਹਿਣ ਲੱਗ ਪਿਆ। ਸਾਲ 2022 ਵਿਚ ਉਸ ਨੇ ਆਪਣੀ ਪਤਨੀ ਦੀ ਸਹਿਮਤੀ ਨਾਲ ਅਦਾਲਤ ਵਿਚ ਤਲਾਕ ਲਈ ਅਰਜ਼ੀ ਦਾਇਰ ਕਰ ਦਿੱਤੀ, ਜਿਸ ਕਾਰਨ ਵੱਡਾ ਲੜਕਾ ਉਸ ਕੋਲ ਰਹਿ ਗਿਆ ਅਤੇ ਛੋਟੇ ਲੜਕੇ ਨੂੰ ਉਸ ਦੀ ਪਤਨੀ ਆਪਣੇ ਨਾਲ ਲੈ ਗਈ। ਪੀੜਤ ਨੇ ਦੱਸਿਆ ਹੈ ਕਿ ਇਸ ਦੌਰਾਨ ਪਤਾ ਲੱਗ ਲੱਗਿਆ ਕਿ ਉਸ ਦੀ ਪਤਨੀ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਡੇਢ ਸਾਲ ਦੇ ਛੋਟੇ ਬੱਚੇ ਨੂੰ ਹਰਿਆਣਾ ਦੇ ਸਹਾਰਨਪੁਰ ਦੇ ਵਸਨੀਕ ਇੱਕ ਬੇਔਲਾਦ ਜੋੜੇ ਨੂੰ ਵੇਚ ਦਿੱਤਾ ਹੈ। ਪੀੜਤ ਅਨੁਸਾਰ ਜਦ ਉਸ ਨੇ ਆਪਣੀ ਪਤਨੀ ਕੋਲੋਂ ਬੱਚੇ ਦੇ ਸਬੰਧ ਵਿੱਚ ਪੁੱਛਿਆ ਤਾਂ ਉਸ ਨੂੰ ਜਾਨੋ-ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।


ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਕਪਤਾਨ ਵੱਲੋਂ ਇਹ ਕੇਸ ਮਹਿਲਾ ਥਾਣਾ ਨੂੰ ਜਾਂਚ ਲਈ ਭੇਜਿਆ ਗਿਆ ਸੀ। ਉਕਤ ਮਾਮਲੇ ਦੀ ਪੜਤਾਲ ਕਰਨ ’ਤੇ ਪਤਾ ਲੱਗਿਆ ਸੁਖਵਿੰਦਰ ਕੌਰ ਅਤੇ ਸੁਮਨਦੀਪ ਸਿੰਘ, ਦਲਜੀਤ ਕੌਰ ਉਸ ਦੇ ਪਤੀ ਅਮਰਜੀਤ ਸਿੰਘ ਵਾਸੀ ਤਪਾ ਮੰਡੀ, ਮਨਪ੍ਰੀਤ ਕੌਰ ਵਾਸੀ ਰਾਮਪੁਰ ਚਮਾਰੂ ਜ਼ਿਲ੍ਹਾ ਪਟਿਆਲਾ, ਲਕਸ਼ਮੀ ਵਾਸੀ ਅੰਬਾਲਾ ਨਾਲ ਮਿਲ ਕੇ ਬੱਚੇ ਨੂੰ ਇਕ ਲੱਖ 35 ਹਜ਼ਾਰ ਰੁਪਏ ਵਿਚ ਸਹਾਰਨਪੁਰ ਦੇ ਪਤੀ, ਪਤਨੀ ਨੂੰ ਵੇਚ ਦਿੱਤਾ ਹੈ। ਪੜਤਾਲ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਬੱਚੇ ਦੇ ਸੌਦੇ ਦੌਰਾਨ ਸੁਮਨਦੀਪ ਸਿੰਘ, ਸੁਖਵਿੰਦਰ ਕੌਰ ਦੇ ਪਤੀ ਵਜੋਂ ਪੇਸ਼ ਹੋਇਆ ਸੀ। ਉਸ ਨੇ ਇਕਰਾਰਨਾਮੇ ’ਤੇ ਭਾਰਤ ਭੂਸ਼ਣ ਦੇ ਜਾਅਲੀ ਦਸਤਖ਼ਤ ਕੀਤੇ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀ ਸੁਖਵਿੰਦਰ ਕੌਰ, ਸੁਮਨਦੀਪ ਸਿੰਘ, ਦਲਜੀਤ ਕੌਰ, ਅਮਰਜੀਤ ਸਿੰਘ, ਮਨਪ੍ਰੀਤ ਕੌਰ, ਲਕਸ਼ਮੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਾਲੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ।

error: Content is protected !!