ਗੁਰਪੁਰਬ ਤਕ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਪਵੇਗੀ ਬਾਰਿਸ਼, ਜ਼ੋਰ ਫੜੇਗੀ ਠੰਢ, ਕਈ ਥਾਈਂ ਛਾਈ ਰਹੇਗੀ ਧੁੰਦ !

ਗੁਰਪੁਰਬ ਤਕ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿਚ ਪਵੇਗੀ ਬਾਰਿਸ਼, ਜ਼ੋਰ ਫੜੇਗੀ ਠੰਢ, ਕਈ ਥਾਈਂ ਛਾਈ ਰਹੇਗੀ ਧੁੰਦ !


ਵੀਓਪੀ ਬਿਊਰੋ, ਨੈਸ਼ਨਲ-ਠੰਢ ਨੇ ਹੋਲੀ ਹੋਲੀ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। 27 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਤਕ ਠੰਢ ਜ਼ੋਰ ਫੜ ਜਾਵੇਗੀ। ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ਵਿਚ ਮੌਸਮ ਬਦਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ 25 ਨਵੰਬਰ ਤੋਂ ਪੂਰਬੀ ਹਵਾਵਾਂ ਦੇ ਨਾਲ ਇੱਕ ਤਾਜ਼ਾ ਪੱਛਮੀ ਗੜਬੜੀ ਉੱਤਰ ਪੱਛਮੀ ਅਤੇ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗੀ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਮੌਸਮ ਬਦਲ ਜਾਵੇਗਾ। ਇਸ ਤੋਂ ਇਲਾਵਾ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਵੀ ਮੌਸਮ ਦਾ ਰੂਪ ਬਦਲੇਗਾ। 27-28 ਨਵੰਬਰ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਵੱਖ-ਵੱਖ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਨਾਲ ਲੱਗਦੇ ਇਲਾਕਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ।


ਇਸ ਦੇ ਨਾਲ ਹੀ ਦਿੱਲੀ-ਐਨਸੀਆਰ ਦੇ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 24 ਨਵੰਬਰ ਤੋਂ ਦਿੱਲੀ-ਐਨਸੀਆਰ ਖੇਤਰਾਂ ਵਿੱਚ ਮੌਸਮ ਬਦਲ ਸਕਦਾ ਹੈ। 24, 25, 26 ਅਤੇ 27 ਨਵੰਬਰ ਨੂੰ ਅਸਮਾਨ ਵਿੱਚ ਬੱਦਲਾਂ ਛਾਏ ਰਹਿ ਸਕਦੇ ਹਨ। 23 ਤੋਂ 26 ਨਵੰਬਰ ਦੌਰਾਨ ਸਵੇਰ ਵੇਲੇ ਧੁੰਦ ਵੀ ਦੇਖਣ ਨੂੰ ਮਿਲ ਸਕਦੀ ਹੈ। ਪੱਛਮੀ ਗੜਬੜੀ ਦਾ ਜ਼ਬਰਦਸਤ ਪ੍ਰਭਾਵ 27 ਨਵੰਬਰ ਨੂੰ ਦਿੱਲੀ ਵਿਚ ਦੇਖਿਆ ਜਾ ਸਕਦਾ ਹੈ, ਜਿਸ ਕਾਰਨ ਵੱਖ-ਵੱਖ ਇਲਾਕਿਆਂ ‘ਚ ਹਲਕੀ ਬਾਰਿਸ਼ ਜਾਂ ਬਾਰਿਸ਼ ਹੋ ਸਕਦੀ ਹੈ।


ਆਈਐਮਡੀ ਦੇ ਅਨੁਸਾਰ, 27-28 ਨਵੰਬਰ ਦੇ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਅਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। 24 ਨਵੰਬਰ ਤੱਕ ਤਾਮਿਲਨਾਡੂ, ਕੇਰਲ, ਮਾਹੇ ਅਤੇ ਦੱਖਣੀ ਕਰਨਾਟਕ ਦੇ ਵੱਖ-ਵੱਖ ਸਥਾਨਾਂ ‘ਤੇ ਭਾਰੀ ਮੀਂਹ ਦੇ ਨਾਲ ਜ਼ਿਆਦਾਤਰ ਸਥਾਨਾਂ ‘ਤੇ ਹਲਕੀ ਬਾਰਿਸ਼ ਹੋਵੇਗੀ।
ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸਕਾਈਮੇਟ ਵੈਦਰ ਦੀ ਰਿਪੋਰਟ ਦੇ ਅਨੁਸਾਰ ਤਾਮਿਲਨਾਡੂ ਅਤੇ ਕੇਰਲ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਲਕਸ਼ਦੀਪ ਅਤੇ ਦੱਖਣੀ ਕਰਨਾਟਕ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਤੱਟਵਰਤੀ ਆਂਧਰਾ ਪ੍ਰਦੇਸ਼, ਤੱਟੀ ਉੜੀਸਾ ਅਤੇ ਦੱਖਣੀ ਛੱਤੀਸਗੜ੍ਹ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਗੋਆ, ਦੱਖਣੀ ਕੋਂਕਣ ਅਤੇ ਗੋਆ ਦੇ ਨਾਲ-ਨਾਲ ਦੱਖਣੀ ਮੱਧ ਮਹਾਰਾਸ਼ਟਰ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਬਾਰਿਸ਼ ਹੋਣ ਨਾਲ ਤਾਪਮਾਨ ਘੱਟ ਸਕਦਾ ਹੈ ਤੇ ਠੰਢ ਲੋਕਾਂ ਨੂੰ ਕੰਬਣੀ ਛੇੜੇਗੀ।

error: Content is protected !!