“ਘੁੰਡ ਕੱਢ ਕੇ ਨਾ ਨੱਚੋ…”, ਮੁਸਲਮਾਨਾਂ ਬਾਰੇ ਬਿਆਨ ਦੇ ਕੇ ਕਸੂਤਾ ਫਸੇ ਸੁਖਬੀਰ ਬਾਦਲ, ਵਿਰੋਧੀਆਂ ਨੇ ਲਿਆ ਲੰਮੇਂ ਹੱਥੀਂ, ਕਿਹਾ, ਇੰਦਾ ਤਾਂ ਨੀਂ ਸਰਕਾਰ ਬਣਨੀ…
ਵੀਓਪੀ ਬਿਊਰੋ, ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ਛੇੜ ਲੈਂਦੇ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਸਿੱਖ ਕੌਮ ਨੂੰ ਇਕਜੁੱਟ ਹੋਣ ਦੀ ਅਪੀਲ ਹੀ ਕੀਤੀ ਪਰ ਇਸ ਲਈ ਜਿਹੜੀ ਮਿਸਾਲ ਦਿੱਤੀ ਉਸ ਕਾਰਨ ਉਹ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਏ ਹਨ। ਉਨ੍ਹਾਂ ਨੇ ਮੁਸਲਿਮ ਭਾਈਚਾਰੇ ਬਾਰੇ ਕੁਝ ਅਜਿਹਾ ਕਹਿ ਦਿੱਤਾ ਕਿ ਉਹ ਵਿਵਾਦਾਂ ਵਿਚ ਘਿਰ ਗਏ।
ਦਰਅਸਲ, ਸੁਖਬੀਰ ਬਾਦਲ ਨੇ ਸਿੱਖ ਕੌਮ ਨੂੰ ਇਕਜੁੱਟ ਕਰਨ ਲਈ ਮੁਸਲਮਾਨਾਂ ਦੀ ਮਿਸਾਲ ਇਸ ਤਰ੍ਹਾਂ ਦਿੱਤੀ। ਉਨ੍ਹਾਂ ਕਿਹਾ ਸੀ ਕਿ ਦੇਸ਼ ‘ਚ ਮੁਸਲਿਮ ਆਬਾਦੀ 18 ਫੀਸਦੀ ਹੈ ਪਰ ਉਹ ਇਕਜੁੱਟ ਨਹੀਂ ਹਨ, ਉਨ੍ਹਾਂ ਕੋਲ ਕੋਈ ਲੀਡਰਸ਼ਿਪ ਨਹੀਂ ਹੈ, ਇਸੇ ਕਰ ਕੇ ਉਹ ਬਾਬਰੀ ਮਸਜਿਦ ਦੀ ਲੜਾਈ ਹਾਰ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕਜੁੱਟ ਹਨ ਪਰ ਕੁਝ ਤਾਕਤਾਂ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਸਿੱਖਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ।
ਅੰਦਾਜ਼ਾ ਲਾਇਆ ਜਾ ਸਕਦੈ ਸੁਖਬੀਰ ਸੰਸਦ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ : ਬਿੱਟੂ
ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੰਸਦ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਜੰਮੂ, ਪੰਜਾਬ, ਯੂਪੀ, ਮਹਾਰਾਸ਼ਟਰ ਸਮੇਤ ਕਈ ਰਾਜਾਂ ਤੋਂ ਸੰਸਦ ਵਿੱਚ ਮੁਸਲਿਮ ਸੰਸਦ ਮੈਂਬਰ ਹਨ, ਜੋ ਆਪਣੇ ਖੇਤਰਾਂ ਦੇ ਲੋਕਾਂ ਦੀ ਅਗਵਾਈ ਕਰਦੇ ਹਨ। ਸੁਖਬੀਰ ਬਾਦਲ ਅਜਿਹੇ ਬਿਆਨਾਂ ਨਾਲ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਲਕਸ਼ਮੀਕਾਂਤਾ ਚਾਵਲਾ ਨੇ ਬਿਆਨ ਦੀ ਕੀਤੀ ਨਿਖੇਧੀ
ਸੁਖਬੀਰ ਬਾਦਲ ਦੇ ਇਸ ਬਿਆਨ ਵਿੱਚ ਭਾਜਪਾ ਦੇ ਸੀਨੀਅਰ ਆਗੂ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਾਦਲ ਨੂੰ ਅਯੁੱਧਿਆ ਵਿੱਚ ਵਿਵਾਦਤ ਢਾਂਚੇ ਦੇ ਸਮਰਥਕਾਂ ਦੀ ਹਾਰ ਤੋਂ ਦੁਖੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਤੁਹਾਡੇ ਮਨ ਵਿੱਚ ਹੈ, ਸਿੱਧਾ ਬੋਲੋ। ਘੁੰਡ ਕੱਡ ਕੇ ਨਾ ਨੱਚੋ। ਦੇਸ਼ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਬਾਦਲ ਚੋਣ ਲੜਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਲੜਾਈ ਨਾ ਕਿਸੇ ਨੇ ਜਿੱਤੀ ਹੈ ਅਤੇ ਨਾ ਹੀ ਕੋਈ ਹਾਰਿਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਸਾਰੀਆਂ ਧਿਰਾਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਸ਼ਾਂਤਮਈ ਹੱਲ ਕੱਢਿਆ ਗਿਆ। ਹੁਣ ਰਾਮ ਮੰਦਰ ਦਾ ਨਿਰਮਾਣ ਹੋ ਗਿਆ ਹੈ ਅਤੇ ਸਰਕਾਰ ਨੇ ਮਸਜਿਦ ਬਣਾਉਣ ਲਈ ਅਯੁੱਧਿਆ ਵਿੱਚ ਜ਼ਮੀਨ ਵੀ ਦਿੱਤੀ ਹੈ।