ED ਵੱਲੋਂ ਵਾਰ-ਵਾਰ ਸੰਮਨ ਭੇਜਣ ‘ਤੇ ਵੀ ਪੇਸ਼ ਨਹੀਂ ਹੋਏ ਕੇਜਰੀਵਾਲ, ਕਿਹਾ- ਮੈਨੂੰ ਡਰ ਲੱਗਦਾ ਕਿਤੇ ਗ੍ਰਿਫ਼ਤਾਰ ਨਾ ਕਰ ਲੈਣ
ਨਵੀਂ ਦਿੱਲੀ (ਵੀਓਪੀ ਬਿਊਰੋ) : ਕਥਿਤ ਸ਼ਰਾਬ ਘੁਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਜਾਰੀ ਕੀਤੇ ਗਏ 9 ਸੰਮਨਾਂ ਖਿਲਾਫ਼ ਹਾਈਕੋਰਟ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ ਹੋਈ। ਹਾਲਾਂਕਿ ਅਦਾਲਤ ਨੇ ਉਨ੍ਹਾਂ ਨੂੰ ਕੋਈ ਫੌਰੀ ਰਾਹਤ ਨਾ ਦਿੰਦੇ ਹੋਏ ਸੁਣਵਾਈ ਇਕ ਮਹੀਨੇ ਲਈ ਟਾਲ ਦਿੱਤੀ ਹੈ।
ਅਜਿਹੇ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇਜਰੀਵਾਲ ਵੀਰਵਾਰ ਨੂੰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ। ਈਡੀ ਨੇ ਉਸ ਨੂੰ ਨੌਵਾਂ ਸੰਮਨ ਭੇਜ ਕੇ 21 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ।
ਇਸ ਦੌਰਾਨ ਕੋਰਟ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਸ ਨੂੰ ਪੇਸ਼ੀ ‘ਚ ਕੀ ਦਿੱਕਤ ਹੈ, ਤਾਂ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਉਸ ਨੂੰ ਗ੍ਰਿਫਤਾਰੀ ਦਾ ਡਰ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਦੀ ਪਟੀਸ਼ਨ ‘ਤੇ ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਮਨੋਜ ਜੈਨ ਦੀ ਬੈਂਚ ਸਾਹਮਣੇ ਸੁਣਵਾਈ ਹੋਈ। ਬੈਂਚ ਨੇ ਕੇਜਰੀਵਾਲ ਨੂੰ ਪੁੱਛਿਆ ਕਿ ਉਨ੍ਹਾਂ ਨੂੰ 9 ਸੰਮਨ ਜਾਰੀ ਕੀਤੇ ਗਏ ਹਨ। ਉਹ ਅਜੇ ਤੱਕ ਪੇਸ਼ ਕਿਉਂ ਨਹੀਂ ਹੋਇਆ?।