ਇਸ ਦੌਰਾਨ ਇੱਕ ਪਾਸੇ ਜਿੱਥੇ ਹਲਕਾ ਵਿਧਾਇਕ ਦਲਬੀਰ ਸਿੰਘ ਟੋਂਗ ਵੱਲੋਂ ਟੋਲ ਪਲਾਜ਼ਾ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਕਿ ਟੋਲ ਅਧਿਕਾਰੀਆਂ ਵੱਲੋਂ ਵੀਆਈਪੀ ਲਾਈਨਾਂ ਬੰਦ ਕੀਤੀਆਂ ਹੋਈਆਂ ਹਨ। ਇਸ ਨੂੰ ਲੈ ਕੇ ਉਹਨਾਂ ਵੱਲੋਂ ਬੀਤੇ ਦਿਨਾਂ ਦੌਰਾਨ ਵੀ ਉਕਤ ਲਾਈਨਾਂ ਨੂੰ ਖੋਲ੍ਹਣ ਬਾਰੇ ਮੰਗ ਕੀਤੀ ਗਈ ਸੀ, ਲੇਕਿਨ ਉਸ ਵਕਤ ਵੀ ਕਥਿਤ ਤੌਰ ਦੇ ਉੱਤੇ ਟੋਲ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਹਰਿਦੁਆਰ ਤੋਂ ਵਾਪਸ ਬਾਬਾ ਬਕਾਲਾ ਹਲਕੇ ਨੂੰ ਆ ਰਹੇ ਸਨ ਤਾਂ ਇਸ ਦੌਰਾਨ ਮੁੜ ਤੋਂ ਉਹ ਲਾਈਨ ਬੰਦ ਹੋਣ ਦੇ ਉੱਤੇ ਜਦੋਂ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲਾ ਵਿਗੜਨ ਤੇ ਉਹਨਾਂ ਵੱਲੋਂ ਟੋਲ ਪਲਾਜ਼ਾ ਮੁਫਤ ਕਰ ਦਿੱਤਾ ਗਿਆ।
ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਇਸ ਸਬੰਧੀ ਥਾਣਾ ਢਿਲਵਾਂ ਦੇ ਐਸਐਚਓ ਨਾਲ ਰਾਬਤਾ ਕੀਤਾ ਗਿਆ ਹੈ, ਜਿਨਾਂ ਵੱਲੋਂ ਮੌਕੇ ਉੱਤੇ ਪੁੱਜ ਕੇ ਟੋਲ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ। ਵਿਧਾਇਕ ਦਲਬੀਰ ਸਿੰਘ ਟੋਂਗ ਨੇ ਕਿਹਾ ਕਿ ਟੋਲ ਅਧਿਕਾਰੀਆਂ ਵੱਲੋਂ ਉਹਨਾਂ ਦੇ ਨਾਲ ਗਲਤ ਵਿਹਾਰ ਕਰਦੇ ਹੋਏ ਜਿੱਥੇ ਉਹਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਉੱਥੇ ਹੀ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।
ਜਿਸ ਕਾਰਨ ਉਹਨਾਂ ਵੱਲੋਂ ਕਾਰਵਾਈ ਦੀ ਮੰਗ ਕਰਦਿਆਂ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ ਹੈ ਕਾਬਿਲੇਗੌਰ ਹੈ ਕਰੀਬ ਪੌਣੇ ਤਿੰਨ ਘੰਟੇ ਟੋਲ ਅਧਿਕਾਰੀ ਅਤੇ ਵਿਧਾਇਕ ਦੌਰਾਨ ਹੋਏ ਕਲੇਸ਼ ਵਿੱਚ ਲੋਕਾਂ ਨੂੰ ਮੌਜਾਂ ਲੱਗੀਆਂ ਰਹੀਆਂ ਅਤੇ ਲੋਕ ਬਿਨਾਂ ਟੈਕਸ ਦਿੰਦਿਆਂ ਆਪਣੇ ਵਾਹਨ ਲੈ ਕੇ ਉਥੋਂ ਗੁਜਰਦੇ ਰਹੇ। ਇਸ ਦੇ ਨਾਲ ਹੀ ਦੋਵੇਂ ਧਿਰਾਂ ਦੌਰਾਨ ਸਹਿਮਤੀ ਨਾ ਬਣਨ ਦੇ ਉੱਤੇ ਆਖਿਰਕਾਰ ਪੁਲਿਸ ਨੇ ਵਿਧਾਇਕ ਵੱਲੋਂ ਟੋਲ ਅਧਿਕਾਰੀਆਂ ਖਿਲਾਫ ਦਿੱਤੀ ਦਰਖਾਸਤ ਲੈ ਲਈ ਗਈ ਹੈ। ਇਸ ਦੇ ਨਾਲ ਹੀ ਟੋਲ ਅਧਿਕਾਰੀਆਂ ਵੱਲੋਂ ਵੀ ਧੱਕੇਸ਼ਾਹੀ ਦੇ ਇਲਜਾਮ ਲਗਾਉਂਦੇ ਹੋਏ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਕੀ ਐਕਸ਼ਨ ਲੈਂਦੀ ਹੈ।