ਬਠਿੰਡਾ ‘ਚ ਨਸ਼ੇ ਦੇ ਭੇਟ ਚੜਿਆ ਗੱਭਰੂ, ਸਾਥੀ ਨੇ ਕਰਵਾ’ਤਾ ਸੀ ਓਵਰਡੋਜ਼ ਨਸ਼ਾ

ਬਠਿੰਡਾ ‘ਚ ਨਸ਼ੇ ਦੇ ਭੇਟ ਚੜਿਆ ਗੱਭਰੂ, ਸਾਥੀ ਨੇ ਕਰਵਾ’ਤਾ ਸੀ ਓਵਰਡੋਜ਼ ਨਸ਼ਾ

ਵੀਓਪੀ ਬਿਊਰੋ- ਪੰਜਾਬ ਵਿੱਚ ਵਗਦਾ ਨਸ਼ੇ ਦਾ ਛੇਵਾਂ ਦਰਿਆ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਨਸ਼ੇ ਦੇ ਨਾਲ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਪੰਜਾਬ ਦੇ ਕੋਨੇ ਕੋਨੇ ਤੋਂ ਨਸ਼ੇ ਦੇ ਨਾਲ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਫਿਰ ਵੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨਸ਼ੇ ਖਿਲਾਫ ਕੋਈ ਵੀ ਠੋਸ ਕਾਰਵਾਈ ਨਹੀਂ ਕਰ ਪਾ ਰਹੀ ਜਿਸ ਨਾਲ ਕਿ ਨਸ਼ੇ ਨੂੰ ਠੱਲ ਪੈ ਜਾਵੇ।

ਬਠਿੰਡਾ ਦੇ ਪਿੰਡ ਸੇਂਖੂ ਦੇ ਇੱਕ ਨੌਜਵਾਨ ਦੀ ਐਤਵਾਰ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਿਸਦੇ ਬਾਅਦ ਥਾਣਾ ਰਾਮਾਂ ਅਧੀਨ ਪੈਂਦੀ ਰਿਫਾਇਨਰੀ ਪੁਲਿਸ ਚੌਂਕੀ ਦੀ ਪੁਲਿਸ ਨੇ ਜਗਦੇਵ ਉਰਫ਼ ਸੈਮ ਨਾਮਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਐਸਐਸਪੀ ਅਮਨੀਤ ਕੌਂਡਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮ੍ਰਿਤਕ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ।

ਪੁਲਿਸ ਨੇ ਮ੍ਰਿਤਕ ਦੇ ਪਿਤਾ ਗੁਲਾਬ ਸਿੰਘ ਦੇ ਬਿਆਨਾਂ ‘ਤੇ ਜਗਦੇਵ ਉਰਫ ਸੈਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਮ੍ਰਿਤਕ ਨੌਜਵਾਨ ਦਾ ਪਿਤਾ ਪੰਜਾਬ ਹੋਮਗਾਰਡ ਨਾਲ ਸਬੰਧਤ ਹੈ।

ਰਿਫਾਇਨਰੀ ਚੌਕੀ ਦੇ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਤਰਖਾਣਵਾਲਾ ਦੇ ਰਜਵਾਹੇ ਨੇੜੇ ਇੱਕ ਨੌਜਵਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਹਸਪਤਾਲ ਦੇ ਸਟਾਫ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਨੁਸਾਰ ਮਨਦੀਪ ਸਿੰਘ ਨੇ ਸ਼ਾਇਦ ਕੋਈ ਨਸ਼ੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੂਤਰਾਂ ਨੇ ਸਪੱਸ਼ਟ ਕਿਹਾ ਕਿ ਉਕਤ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ।

ਚੌਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਗੁਲਾਬ ਸਿੰਘ ਦੇ ਬਿਆਨਾਂ ’ਤੇ ਜਗਦੇਵ ਉਰਫ਼ ਸੈਮ ਨਾਮਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ ਸੀ। ਸੂਤਰਾਂ ਨੇ ਦੱਸਿਆ ਕਿ ਪੁਲਿਸ ਵਲੋਂ ਹਿਰਾਸਤ ‘ਚ ਲਏ ਗਏ ਨੌਜਵਾਨ ਅਤੇ ਇਕ ਹੋਰ ਨੌਜਵਾਨ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।

error: Content is protected !!