ਚੰਦ ਫਤਿਹਪੁਰੀ ਦੀ ਕਲਮ ਤੋਂ ਲਿਖੀ ਪੁਸਤਕ, ਤਾਨਾਸ਼ਾਹੀ ਵਿਰੁੱਧ ਜੂਝਦਾ ਇਤਿਹਾਸਕ ਕਿਸਾਨ ਅੰਦੋਲਨ

ਚੰਦ ਫਤਿਹਪੁਰੀ ਦੀ ਕਲਮ ਤੋਂ ਲਿਖੀ ਪੁਸਤਕ, ਤਾਨਾਸ਼ਾਹੀ ਵਿਰੁੱਧ ਜੂਝਦਾ ਇਤਿਹਾਸਕ ਕਿਸਾਨ ਅੰਦੋਲਨ

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲੋਕ ਅਰਪਣ

 

ਜਲੰਧਰ (ਵੀਓਪੀ ਬਿਊਰੋ) ਜਾਣੇ-ਪਹਿਚਾਣੇ ਪੱਤਰਕਾਰ ਅਤੇ ਲੇਖਕ ਚੰਦ ਫਤਿਹਪੁਰੀ ਦੀ ਕਲਮ ਤੋਂ ਲਿਖੀ ਕਿਤਾਬ, ‘ਤਾਨਾਸ਼ਾਹੀ ਵਿਰੁੱਧ ਜੂਝਦਾ: ਇਤਿਹਾਸਕ ਕਿਸਾਨ ਅੰਦੋਲਨ’ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਲੋਕ ਅਰਪਣ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਨੇ ਮਾਣ ਮਹਿਸੂਸ ਕੀਤਾ ਹੈ।

ਦੇਸ਼ ਦੁਨੀਆਂ ਅੰਦਰ ਬਹੁ-ਚਰਚਿਤ ਕਿਸਾਨ ਅੰਦੋਲਨ ਦੀਆਂ 12 ਮਾਰਚ 2018 ਤੋਂ ਲੈ ਕੇ 27 ਅਪ੍ਰੈਲ 2021 ਤੱਕ ਤਿੰਨ ਵਰਿ੍ਹਆਂ ਦੇ ਕਲਾਵੇ ਵਿੱਚ ਸਮੋਈਆਂ ਬਹੁ-ਪਰਤਾਂ ਨੂੰ ਛੋਂਹਦੇ ਹੋਏ ਚੰਦ ਫਤਿਹਪੁਰੀ ਨੇ ਇਤਿਹਾਸਕ ਦਸਤਾਵੇਜ਼, ਕਿਸਾਨ ਅੰਦੋਲਨ ਅਤੇ ਆਉਣ ਵਾਲੇ ਕੱਲ੍ਹ ਦੀ ਝੋਲੀ ਪਾਉਣ ਦਾ ਗੌਰਵਮਈ ਕਾਰਜ਼ ਕੀਤਾ ਹੈ।

ਪੁਸਤਕ ਲੋਕ ਅਰਪਣ ਕਰਦਿਆਂ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਖਜ਼ਾਨਚੀ ਰਣਜੀਤ ਸਿੰਘ ਔਲਖ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਆਗੂ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਲਾਇਬੇ੍ਰਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਵਿਜੈ ਬੰਬੇਲੀ, ਹਰਮੇਸ਼ ਮਾਲੜੀ ਸਮੇਤ ਹਾਜ਼ਰ ਸਮੂਹ ਮੈਂਬਰਾਂ ਨੇ ਚੰਦ ਫਤਿਹਪੁਰੀ ਨੂੰ ਇਸ ਅਨਮੋਲ ਨਜ਼ਰਾਨੇ ਲਈ ਮੁਬਾਰਕਬਾਦ ਦਿੱਤੀ।

ਵੰਨ-ਸੁਵੰਨੇ ਵਿਸ਼ਿਆਂ ਨੂੰ ਛੋਹਦੇ ਪੰਜ ਦਰਜਣ ਤੋਂ ਵੱਧ ਲੇਖਾਂ ਦੀ ਲੜੀਬੱਧ ਇਹ ਪੁਸਤਕ ਮਜ਼ਦੂਰ ਕਿਸਾਨ ਬੁਲਾਰਿਆਂ, ਕਾਰਕੁੰਨਾਂ, ਜੱਥੇਬੰਦਕਾਰਾਂ ਨੂੰ ਜਾਣਕਾਰੀ ਭਰਪੂਰ ਸਮੱਗਰੀ ਉਪਲੱਬਧ ਕਰਾਉਂਦੀ ਹੈ। ਇਤਿਹਾਸਕ ਕਿਸਾਨ ਅੰਦੋਲਨ ਦੇ ਅਨੇਕਾਂ ਪਹਿਲੂਆਂ ਉਪਰ ਖੋਜ਼ਕਾਰਾਂ ਲਈ ਸਮਾਂ, ਸਥਾਨ ਅਤੇ ਹਾਲਾਤ ਦੇ ਮੱਦੇ ਨਜ਼ਰ ਕੀਤੀਆਂ ਮਹੱਤਵਪੂਰਣ ਟਿੱਪਣੀਆਂ ਅੰਦੋਲਨ ਦੇ ਆਰਥਕ, ਰਾਜਨੀਤਕ, ਸਮਾਜਕ, ਸਭਿਆਚਾਰਕ ਪੱਖਾਂ ਬਾਰੇ ਹੋਰ ਗਹਿਰੇ ਉਤਰਕੇ ਖੋਜ ਕਰਨ ਲਈ ਪ੍ਰੇਰਤ ਕਰਨਗੀਆਂ। ਇਹ ਪੁਸਤਕ ਦੇਸ਼ ਭਗਤ ਯਾਦਗਾਰ ਹਾਲ ਦੇ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।

error: Content is protected !!