ਘਰ ਤੋਂ ਬਾਹਰ ਗਿਆ ਸੀ ਸੇਵਾਮੁਕਤ ਅਧਿਆਪਕ, ਵਾਪਸ ਆਇਆ ਤਾਂ ਉੱਡੇ ਹੋਸ਼, ਭੈਣ ਭਰਾ ਨਿੱਕਲੇ ਮਾਸਟਰਮਾਈਂਡ

(ਵੀਓਪੀ ਬਿਊਰੋ) ਪੰਜਾਬ ਵਿੱਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ ਆਏ ਦਿਨ ਚੋਰੀ ਅਤੇ ਲੱੁਟ ਖੋਹ ਦੀਆਂ ਵਾਰਦਾਤਾਂ ਹੋ ਰਹੀਆ ਨੇ ਇਸੇ ਕੜੀ ਵਿੱਚ ਇੱਕ ਮਾਸਟਰਮਾਈਡ ਭੈਣ ਭਰਾ ਨੇ ਪਿੰਡ ਵਿੱਚ ਹੀ ਇੱਕ ਵਿਅਕਤੀ ਦੇ ਘਰ ਨੂੰ ਨਿਸ਼ਾਨਾ ਬਣਾ ਲਿਆ।ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾਮੁਕਤ ਅਧਿਆਪਕ ਮਾਸਟਰ ਬਖ਼ਸੀ ਰਾਮ ਦੇ ਘਰੋਂ 2.35 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਕਥਿਤ ਦੋਸ਼ ਹੇਠ ਇਸ ਪਿੰਡ ਦੇ ਹੀ ਰਹਿਣ ਵਾਲੀ ਭੈਣ ਜਸ਼ਨਦੀਪ ਕੌਰ ਅਤੇ ਉਸ ਦੇ ਭਰਾ ਅਕਾਸ਼ਦੀਪ ਨੂੰ ਕਾਬੂ ਕੀਤਾ ਗਿਆ ਹੈ।

ਅੱਜ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖ਼ਸੀ ਰਾਮ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਵਿਚ ਆਪਣੇ ਘਰ ਇਕੱਲਾ ਹੀ ਰਹਿੰਦਾ ਹੈ।ਉੱਥੇ ਹੀ ਬੀਤੀ ਰਾਤ 30 ਅਗਸਤ ਨੂੰ ਨਿੱਜੀ ਕੰਮਕਾਰ ਸਬੰਧੀ ਉਹ ਘਰ ਨੂੰ ਤਾਲਾ ਲਗਾ ਕੇ ਮਾਛੀਵਾੜਾ ਸਾਹਿਬ ਗਿਆ ਸੀ। ਜਦੋਂ ਸ਼ਾਮ ਨੂੰ ਘਰ ਵਾਪਸ ਗਿਆ ਤਾਂ ਉਸ ਨੇ ਦੇਖਿਆ ਕਿ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਦੇ ਲਾਕਰ ਵਿਚ ਰੱਖੇ ਪੈਸੇ ਵੀ ਗਾਇਬ ਸਨ।


ਮਾ. ਬਖ਼ਸੀ ਰਾਮ ਅਨੁਸਾਰ ਉਸ ਨੇ ਇੱਕ ਪਲਾਟ ਵੇਚਿਆ ਸੀ ਜਿਸ ਦੇ 2.35 ਲੱਖ ਰੁਪਏ ਉਸਨੇ ਅਲਮਾਰੀ ਵਿਚ ਰੱਖੇ ਸਨ। ਪੁਲਿਸ ਵਲੋਂ ਇਸ ਮਾਮਲੇ ’ਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਘਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿਚ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਤੇ ਉਸਦਾ ਭਰਾ ਅਕਾਸ਼ਦੀਪ, ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਸਨ।


ਪੁਲਿਸ ਨੇ ਇਨ੍ਹਾਂ ਦੋਵੇਂ ਭੈਣ-ਭਰਾਵਾਂ ਨੂੰ ਮਾਛੀਵਾੜਾ-ਨੂਰਪੁਰ ਰੋਡ ’ਤੇ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਇਹ ਰਾਸ਼ੀ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਅਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।

error: Content is protected !!