ਕਬਜ਼ੇ ਹਟਾਉਣੇ ਮਹਿਲਾ SDM ਨੂੰ ਪਿਆ ਭਾਰੀ, ਕਬਜ਼ਾ ਕਰਨ ਵਾਲਿਆਂ ਨੇ ਗੁੱਤੋਂ ਫੜਕੇ ਘੜੀਸਿਆ

ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਦੇ ਟੋਡਾਭੀਮ ਵਿਚ ਕਬਜ਼ੇ ਹਟਾਉਣ ਦੌਰਾਨ ਭਾਰੀ ਹੰਗਾਮਾ ਹੋਇਆ। ਹੰਗਾਮੇ ਦੌਰਾਨ ਮੌਕੇ ਉਤੇ ਮੌਜੂਦ ਮਹਿਲਾ ਐਸਡੀਐਮ ਨੂੰ ਇੱਕ ਹੋਰ ਔਰਤ ਨੇ ਗੁੱਤ ਤੋਂ ਫੜ ਕੇ ਖਿੱਚ ਲਿਆ। ਇਸ ਨਾਲ ਪੁਲਿਸ ਫੋਰਸ ਨੂੰ ਭਾਜੜਾਂ ਪੈ ਗਈਆਂ। ਐਸਡੀਐਮ ਦੀ ਵੀ ਮਹਿਲਾ ਨਾਲ ਝੜਪ ਹੋ ਗਈ।ਹੰਗਾਮੇ ਦੀ ਸੂਚਨਾ ਮਿਲਣ ‘ਤੇ ਕਰੌਲੀ ਦੇ ਐਸ.ਪੀ. ਖੁਦ ਮੌਕੇ ਉਤੇ ਪਹੁੰਚੇ। ਇਸ ਮਾਮਲੇ ਵਿੱਚ ਪੁਲਿਸ ਦਸਤੇ ਦੀ ਅਗਵਾਈ ਕਰ ਰਹੇ ਡਿਊਟੀ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਟੋਡਾਭੀਮ ਥਾਣੇ ਦੇ ਅਧਿਕਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਹੰਗਾਮਾ ਦੋ ਦਿਨ ਪਹਿਲਾਂ ਹੋਇਆ ਸੀ। ਪਰ ਇਸ ਦਾ ਵੀਡੀਓ ਸ਼ੁੱਕਰਵਾਰ ਸ਼ਾਮ ਨੂੰ ਸਾਹਮਣੇ ਆਇਆ। ਦਰਅਸਲ, ਟੋਡਾਭੀਮ ਦੀ ਐਸਡੀਐਮ ਸੁਨੀਤਾ ਮੀਨਾ ਦੋ ਦਿਨ ਪਹਿਲਾਂ ਇਲਾਕੇ ਦੇ ਨਾਦ ਪਿੰਡ ਵਿੱਚ ਕਬਜ਼ੇ ਹਟਾਉਣ ਦੀ ਕਾਰਵਾਈ ਲਈ ਗਏ ਸੀ। ਉਨ੍ਹਾਂ ਦੇ ਨਾਲ ਪੁਲਿਸ ਦੀ ਪੂਰੀ ਫੋਰਸ ਸੀ। ਕਬਜੇ ਨੂੰ ਹਟਾਉਂਦੇ ਹੋਏ ਕਬਜੇਦਾਰ ਦੇ ਪਰਿਵਾਰਕ ਮੈਂਬਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਝੜਪ ਹੋ ਗਈ। ਇਸ ਤੋਂ ਬਾਅਦ ਹੰਗਾਮਾ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਇਸ ਦੌਰਾਨ ਇੱਕ ਔਰਤ ਨੇ ਐਸਡੀਐਮ ਨਾਲ ਬਦਸਲੂਕੀ ਕੀਤੀ ਅਤੇ ਉਸ ਦੇ ਵਾਲਾਂ ਤੋਂ ਖਿੱਚ ਲਿਆ। ਇਹ ਦੇਖ ਕੇ ਉਥੇ ਮੌਜੂਦ ਪੁਲਿਸ ਵਾਲੇ ਹੈਰਾਨ ਰਹਿ ਗਏ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਐਸਡੀਐਮ ਨੂੰ ਮਹਿਲਾ ਤੋਂ ਛੁਡਵਾਇਆ। ਇਸ ਤੋਂ ਬਾਅਦ ਐਸਡੀਐਮ ਦੀ ਫਿਰ ਮਹਿਲਾ ਨਾਲ ਝੜਪ ਹੋ ਗਈ। ਉੱਥੇ ਮੌਜੂਦ ਲੋਕਾਂ ਨੇ ਇਸ ਪੂਰੇ ਹੰਗਾਮੇ ਦੀ ਵੀਡੀਓ ਬਣਾ ਲਈ। ਮਾਮਲੇ ਦੀ ਸੂਚਨਾ ਮਿਲਦੇ ਹੀ ਕਰੌਲੀ ਦੇ ਐੱਸਪੀ ਸੁਜੀਤ ਸ਼ੰਕਰ ਮੌਕੇ ਉਤੇ ਪਹੁੰਚੇ।

ਉਨ੍ਹਾਂ ਸਾਰੀ ਘਟਨਾ ਦੀ ਜਾਣਕਾਰੀ ਲਈ। ਪੁਲਿਸ ਮੁਲਾਜ਼ਮਾਂ ਦੀ ਅਣਗਹਿਲੀ ਨੂੰ ਦੇਖਦੇ ਹੋਏ ਐਸਪੀ ਨੇ ਡਿਊਟੀ ਅਫ਼ਸਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਟੋਡਾਭੀਮ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰ ਦਿੱਤਾ। ਐਸਪੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਐਸ.ਡੀ.ਐਮ. ਜ਼ਮੀਨ ’ਤੇ ਬਣੇ ਮਕਾਨ ’ਤੇ ਕਾਰਵਾਈ ਕਰਨ ਗਏ ਸਨ। ਪਿੰਡ ਵਾਸੀਆਂ ਨੇ ਐਸਡੀਐਮ ’ਤੇ ਮਨਮਾਨੀ ਤੇ ਨਾਜਾਇਜ਼ ਵਸੂਲੀ ਦੇ ਦੋਸ਼ ਵੀ ਲਾਏ ਹਨ।

error: Content is protected !!