ਨਸ਼ਿਆਂ ਵਿਰੁੱਧ ਜੰਗ ਲੜ ਰਹੇ ਨਵਤੇਜ ਸੁਧਾਰ ਨੇ ਵਿਸ਼ਵ ਨਸ਼ਾ ਵਿਰੋਧੀ ਦਿਵਸ ‘ਤੇ ਦਿੱਤਾ ਵੱਖਰਾ ਹੌਕਾ

ਨਸ਼ਿਆਂ ਵਿਰੁੱਧ ਜੰਗ ਲੜ ਰਹੇ ਨਵਤੇਜ ਸੁਧਾਰ ਨੇ ਵਿਸ਼ਵ ਨਸ਼ਾ ਵਿਰੋਧੀ ਦਿਵਸ ‘ਤੇ ਦਿੱਤਾ ਵੱਖਰਾ ਹੌਕਾ

ਬਿਆਸ (ਪ੍ਰਗਟ ਸਿੰਘ) – ਅੱਜ ਵਿਸ਼ਵ ਨਸ਼ਾ ਵਿਰੋਧੀ ਦਿਵਸ ਤੇ ਜਿੱਥੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਨਸ਼ਿਆਂ ਵਿਰੁੱਧ ਕੀਤੀਆਂ ਕਾਰਵਾਈਆਂ ਨੂੰ ਗਿਣਾਉਂਦਾ ਨਹੀਂ ਥੱਕਦਾ, ਉੱਥੇ ਸਿੱਕੇ ਦੇ ਦੂਸਰੇ ਪਹਿਲੂ ਵਿੱਚ ਨਸ਼ੇ ਦੇ ਵੱਧ ਰਹੇ ਗ੍ਰਾਫ ਕਾਰਣ ਪੰਜਾਬ ਦੇ ਕਈ ਪੁੱਤ ਅਤੇ ਧੀਆਂ ਮੌਤ ਦੇ ਮੂੰਹ ਵਿੱਚ ਜਾ ਚੁੱਕੀਆਂ ਹਨ, ਉਕਤ ਵਿਚਾਰਾਂ ਦਾ ਪ੍ਰਗਟਾਵਾ ਨਸ਼ਿਆਂ ਵਿਰੁੱਧ ਲੋਕ ਜਾਗਰਿਤੀ ਸੰਸਥਾ ਰਜਿ ਆਲ ਇੰਡੀਆ ਦੇ ਪ੍ਰਧਾਨ ਨਵਤੇਜ ਸਿੰਘ ਸੁਧਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਉਪਰਾਲੇ ਕਰਨ ਦੀ ਗੱਲ ਕਹੀ ਜਾਂਦੀ ਹੈ ਪਰ ਜ਼ਮੀਨੀ ਪੱਧਰ ਤੇ ਜੇਕਰ ਨਿਰਪੱਖ ਢੰਗ ਨਾਲ ਪਿੰਡੋ-ਪਿੰਡ ਗੁਪਤ ਤੌਰ ਤੇ ਜਾਂਚ ਕੀਤੀ ਜਾਵੇ ਤਾਂ ਨਸ਼ਿਆਂ ਦੀ ਇਸ ਦਲਦਲ ਵਿੱਚ ਕਿੰਨੇ ਹੀ ਨੌਜਵਾਨ ਫਸੇ ਨਜ਼ਰ ਆਉਂਦੇ ਹਨ ਪਰ ਅਜਿਹੇ ਪਰਿਵਾਰ ਸਮਾਜ ਵਿੱਚ ਆਪਣੇ ਮਾਨ ਸਨਮਾਨ ਨੂੰ ਧਿਆਨ ਹਿੱਤ ਰੱਖਦੇ ਹੋਏ ਨਸ਼ੇ ਦੇ ਆਦੀ ਹੋਏ ਬੱਚਿਆਂ ਨੂੰ ਨਸ਼ਾ ਛੁਡਾਊ ਕੇਂਦਰ ਲਿਜਾਣ ਤੋਂ ਝਿਜਕਦੇ ਹਨ।

ਨਵਤੇਜ ਸੁਧਾਰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਇੱਕ ਦੁੱਕਾ ਨਹੀਂ ਬਲਕਿ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੇ ਦੇ ਮਾਮਲੇ ਸਾਹਮਣੇ ਆਏ ਹਨ ਪਰ ਸਰਕਾਰ ਅਤੇ ਪ੍ਰਸ਼ਾਸ਼ਨ ਨਸ਼ੇ ਦੇ ਵੱਡੇ ਮਗਰਮੱਛਾਂ ਦਾ ਨੈਟਵਰਕ ਤੋੜਨ ‘ਚ ਕਾਫੀ ਹੱਦ ਤੱਕ ਬੇਬੱਸ ਨਜ਼ਰ ਆ ਰਿਹਾ ਹੈ, ਇਹੋ ਕਾਰਣ ਹੈ ਕਿ ਅੱਜ ਆਏ ਦਿਨ ਲੁੱਟ ਖੋਹ ਅਤੇ ਅਨੇਕਾਂ ਤਰ੍ਹਾਂ ਦੀ ਵਾਰਦਾਤਾਂ ਤੋਂ ਇਲਾਵਾ ਅਜਿਹੇ ਨੌਜਵਾਨ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਵੀ ਆ ਰਹੇ ਹਨ, ਉਨ੍ਹਾਂ ਨਸ਼ੇ ਦੀ ਗ੍ਰਿਫਤ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਤੇ ਪਰਿਵਾਰ ਦੇ ਭਵਿੱਖ ਬਾਰੇ ਸੋਚਦੇ ਹੋਏ ਨਸ਼ਾ ਛੱਡਣ ਲਈ ਮਨ ਬਣਾਉਣ ਅਤੇ ਜੇਕਰ ਨਸ਼ਾ ਛੱਡਣ ਲਈ ਕਿਸੇ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਉਨ੍ਹਾਂ ਦੀ ਸੰਸਥਾ ਸੇਵਾ ਲਈ ਹਮੇਸ਼ਾਂ ਹਾਜ਼ਰ ਹੈ।

error: Content is protected !!