16 ਲੱਖ ਲੈ ਕੇ ਆਸਟ੍ਰੇਲੀਆ ਦੀ ਥਾਂ ਭੇਜ ਦਿੱਤਾ ਚੇਨੱਈ, 10 ਸਾਲ ਬਾਅਦ ਵੀ ਏਜੰਟ ਨੇ ਨਹੀਂ ਮੋੜੇ ਪੈਸੇ, ਘਰ ਬਾਹਰ ਲਾਉਣਾ ਪਿਆ ਧਰਨਾ


ਗੁਰਦਾਸਪੁਰ (ਵੀਓਪੀ ਬਿਊਰੋ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਪ੍ਰਧਾਨ ਅਜੀਤ ਸਿੰਘ ਖੋਖਰ ਦੀ ਅਗਵਾਈ ਵਿੱਚ ਪਿੰਡ ਟਰਪੱਲਾ ਵਿਖੇ ਟਰੈਵਲ ਏਜੰਟ ਦੀ ਧੋਖਾਧੜੀ ਨੂੰ ਲੈ ਕੇ ਏਜੰਟ ਦੇ ਘਰ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਾਮਲਾ ਯੂਨੀਅਨ ਦੇ ਜਨਰਲ ਸਕੱਤਰ ਦਲਜੀਤ ਸਿੰਘ ਦੇ ਪੁੱਤਰ ਨੂੰ ਵਿਦੇਸ਼ ਭੇਜਣ ਲਈ ਏਜੈਂਟ ਨੂੰ ਦਿੱਤੇ ਗਏ ਪੈਸਿਆਂ ਦਾ ਹੈ। ਧਰਨੇ ਦੌਰਾਨ ਏਜਂਟ ਦੇ ਪਿਤਾ ਸਾਬਕਾ ਸਰਪੰਚ ਰਣਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਪਹੁੰਚ ਕੇ ਦੋਹਾਂ ਪਾਰਟੀਆਂ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਟਰਪੱਲਾ ਦੇ ਸਾਬਕਾ ਸਰਪੰਚ ਰਣਜੀਤ ਸਿੰਘ ਦਾ ਬੇਟਾ ਸੰਦੀਪ ਸਿੰਘ ਜੋ ਕਿ ਆਈਲੈਟਸ ਦਾ ਕੋਰਸ ਕਰਵਾਉਂਦਾ ਸੀ ਵੱਲੋਂ ਮੇਰੇ ਬੇਟੇ ਨੂੰ ਵਿਦੇਸ਼ ਆਸਟਰੇਲੀਆ ਭੇਜਣ ਲਈ 2014 ਵਿੱਚ ਉਕਤ ਪਿਓ ਪੁੱਤਰਾਂ ਵੱਲੋਂ 8 ਲੱਖ ਰੁਪਏ ਲਏ ਸਨ ਪਰ ਉਸ ਨੂੰ ਆਸਟਰੇਲੀਆ ਭੇਜਣ ਦੀ ਬਜਾਏ ਚੇਨਈ ਭੇਜ ਦਿੱਤਾ ਗਿਆ ਤੇ ਬਾਅਦ ਵਿੱਚ ਮੈਨੂੰ ਮਜਬੂਰ ਕੀਤਾ ਗਿਆ ਕਿ ਬਾਕੀ 8 ਲੱਖ ਰੁਪਏ ਹੋਰ ਦੇਵੋਂ ਤਾਂ ਤੇਰੇ ਬੇਟੇ ਨੂੰ ਵਿਦੇਸ਼ ਭੇਜ ਦਿੱਤਾ ਜਾਵੇਗਾ। ਸਾਡੇ ਵੱਲੋਂ 4 ਲੱਖ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪਾ ਦਿੱਤਾ ਤੇ ਬਾਕੀ ਇਹਨਾਂ ਨੂੰ 4 ਲੱਖ ਰੁਪਏ ਹੱਥ ਦਸਤੀ ਦਿੱਤੇ ਗਏ ਪਰ ਇਹਨਾਂ ਵੱਲੋਂ ਅੱਜ ਤੱਕ ਮੇਰੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ।


