ਸੁਨਾਮ ਸ਼ਹਿਰ ਦੇ ਮੁਹੱਲਾ ਕੋਕੋ ਮਾਜਰੀ ਦੇ ਵਸਨੀਕ ਅਮਰੀਕ ਸਿੰਘ ਦਾ ਪੁੱਤਰ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਇਸੇ ਸਾਲ ਮਾਰਚ ਮਹੀਨੇ ਵਿੱਚ ਜੌਰਜੀਆ ਗਏ ਸਨ। ਦੋਵੇਂ ਪਹਾੜੀ ‘ਤੇ ਸਥਿਤ ਇਕ ਪੰਜਾਬੀ ਦੀ ਮਾਲਕੀ ਵਾਲੇ ਭਾਰਤੀ ਰੈਸਟੋਰੈਂਟ (ਸਕਾਈ ਰਿਜ਼ੋਰਟ ) ਵਿਚ ਕੰਮ ਕਰਦੇ ਸਨ।
ਮ੍ਰਿਤਕ ਰਵਿੰਦਰ ਸਿੰਘ ਦੇ ਮਾਮਾ ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੌਰਜੀਆ ਤੋਂ ਸੂਚਨਾ ਮਿਲੀ ਸੀ ਕਿ ਤੂਫਾਨ ਕਾਰਨ ਰੈਸਟੋਰੈਂਟ ਦੀਆਂ ਲਾਈਟਾਂ ਬੰਦ ਹਨ ਅਤੇ ਕੰਮ ਖਤਮ ਕਰਕੇ ਰਾਤ ਨੂੰ ਸਾਰੇ ਕਰਮਚਾਰੀ ਉਥੇ ਹੀ ਸੌਂ ਗਏ ਹਨ।
ਹੀਟਰ ਜਨਰੇਟਰ ਤੇ ਚੱਲ ਰਹੇ ਸਨ ਅਤੇ ਉਨ੍ਹਾਂ ਦੀ ਗੈਸ ਕਾਰਨ ਉੱਥੇ ਸੁੱਤੇ ਹੋਏ 12 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਅਗਲੇ ਦਿਨ ਉਦੋਂ ਲੱਗਾ ਜਦੋਂ ਇਕ ਕਰਮਚਾਰੀ ਸਾਮਾਨ ਲੈਕੇ ਉਥੇ ਪਹੁੰਚਿਆ ਪਰ ਰੈਸਟੋਰੈਂਟ ਬੰਦ ਦੇਖ ਕੇ ਉਸ ਨੇ ਮਾਲਕ ਨੂੰ ਸੂਚਨਾ ਦਿੱਤੀ।
ਜੌਰਜੀਆ ਸਰਕਾਰ ਨੇ ਵੀ ਇਸ ਹਾਦਸੇ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਲਾਸ਼ਾਂ ਨੂੰ ਜਲਦੀ ਭਾਰਤ ਲਿਆਉਣ ਦੀ ਬੇਨਤੀ ਕੀਤੀ ਗਈ ਹੈ। ਤਾਂ ਜੋ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।