ਬਾਦਲ ਪਰਿਵਾਰ ਦੇ ਕਰੀਬੀ ਹਰਿਆਣਾ ਦੇ ਸਾਬਕਾ CM ਓ.ਪੀ ਚੌਟਾਲਾ ਦਾ ਦਿਹਾਂਤ , ਜਾਣੋ ਕੀ ਸੀ ਸਿਆਸਤ ਦਾ ਸਫ਼ਰ

ਬਾਦਲ ਪਰਿਵਾਰ ਦੇ ਬਹੁਤ ਹੀ ਕਰੀਬੀ ਕਹੇ ਜਾਣ ਵਾਲੇ ਅਤੇ ਆਪਣੇ ਸੁਭਾਅ ਦੇ ਨਾਲ ਸਭ ਦਾ ਮਨ ਮੋਹਨ ਵਾਲੇਹਰਿਆਣਾ ਦੇ ਸਾਬਕਾ ਸੀਐੱਮ ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਗੁਰੂਗ੍ਰਾਮ ਰਿਹਾਇਸ਼ ’ਚ ਆਖ਼ਰੀ ਸਾਹ ਲਏ। ਉਨ੍ਹਾਂ ਦੀ ਉਮਰ ਤਕਰੀਬਨ 93 ਸਾਲ ਸੀ।

ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਜੂਝ ਰਹੇ ਸਨ। ਉਨ੍ਹਾਂ ਨੂੰ ਸਵੇਰੇ 11.30 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ਲਿਆਂਦਾ ਗਿਆ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਓਮਪ੍ਰਕਾਸ਼ ਚੌਟਾਲਾ ਦੇ ਦੇਹਾਂਤ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਆਪਣੇ ਅਧਿਕਾਰਤ ਐਕਸ ਹੈਂਡਲ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਉਨ੍ਹਾਂ ਇਨੈਲੋ ਸੁਪਰੀਮੋ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਜੀ ਦਾ ਦੇਹਾਂਤ ਬੜਾ ਦੁੱਖਾਦਾਈ ਹੈ। ਉਨ੍ਹਾਂ ਨੂੰ ਮੇਰੀ ਨਿਮਰ ਸ਼ਰਧਾਂਜਲੀ। ਉਨ੍ਹਾਂ ਨੇ ਸਾਰੀ ਉਮਰ ਸੂਬੇ ਤੇ ਸਮਾਜ ਦੀ ਸੇਵਾ ਕੀਤੀ।

ਇਹ ਦੇਸ਼ ਅਤੇ ਹਰਿਆਣਾ ਸੂਬੇ ਦੀ ਰਾਜਨੀਤੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਭਗਵਾਨ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਥਾਂ ਦੇਣ ਅਤੇ ਦੁਖੀ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ।

1989 ’ਚ ਪਹਿਲੀ ਵਾਰ ਬਣੇ ਮੁੱਖ ਮੰਤਰੀ

– ਉਹ ਸੱਤ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਹਰਿਆਣਾ ਦੇ ਪੰਜ ਵਾਰ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ।

1989 ’ਚ ਪਹਿਲੀ ਵਾਰ ਉਹ ਮੁੱਖ ਮੰਤਰੀ ਬਣੇ ਸਨ।

– 1990 ’ਚ ਉਹ ਮਹਿਜ਼ ਪੰਜ ਦਿਨ ਹੀ ਸੀਐੱਮ ਰਹੇ ਸਨ।

– ਤੀਜੀ ਵਾਰ 1991 ’ਚ ਉਹ ਹਰਿਆਣਾ ਦੇ ਮੁੱਖ ਮੰਤਰੀ ਬਣੇ।

– ਪੰਜਵੀਂ ਵਾਰ 2000 ਤੋਂ 2005 ਤਕ ਹਰਿਆਣਾ ਦੇ ਮੁੱਖ ਮੰਤਰੀ ਰਹੇ।

ਸਿਆਸਤ ’ਚ ਸੋਗ ਦੀ ਲਹਿਰ

ਇਨੈਲੋ ਦੇ ਮੁਖੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ਕਾਰਨ ਪੂਰਾ ਸੂਬਾ ਸੋਗ ਦੀ ਲਹਿਰ ’ਚ ਡੁੱਬ ਗਿਆ ਹੈ। ਜ਼ਿਕਰਯੋਗ ਹੈ ਕਿ ਜੇਬੀਟੀ ਭਰਤੀ ਘੁਟਾਲੇ ’ਚ ਉਨ੍ਹਾਂ ਨੂੰ ਦਸ ਸਾਲ ਦੀ ਸਜ਼ਾ ਵੀ ਹੋਈ ਸੀ।

error: Content is protected !!