ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਤੇ ਜਾ ਕ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਹਿਰਾਸਤ ਵਿੱਚ ਲਏ ਵਿਅਕਤੀ ਕੋਲੋਂ ਉਸਦੇ ਸਾਥੀ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੀ ਸ਼ਿੰਗਾਰ ਸਿਨੇਮਾ ਧਰਮਪੁਰਾ ਚੌਂਕੀ ਦੇ ਇਲਾਕੇ ਦੀ ਹੈ, ਜਿੱਥੇ ਪੁਲਿਸ ਵੱਲੋਂ ਰੁਟੀਨ ਚੈਕਿੰਗ ਲਈ ਸ਼ਿੰਗਾਰ ਸਿਨੇਮਾ ਸਾਹਮਣੇ ਨਾਕਾਬੰਦੀ ਕੀਤੀ ਗਈ ਸੀ।
ਇਸ ਦੌਰਾਨ ਬਿਨਾਂ ਨੰਬਰ ਪਲੇਟ ਦੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੇ ਪੁਲਿਸ ਦੇ ਰੋਕਣ ਤੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ। ਨਾਕੇ ਤੇ ਮੌਜੂਦ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੇ ਉਕਤ ਮੋਟਰ ਸਾਈਕਲ ਨੂੰ ਪਿੱਛੋਂ ਦੀ ਫੜ ਲਿਆ, ਪਰ ਬਾਈਕ ਰੋਕਣ ਦੀ ਥਾਂ ਚਾਲਕ ਨੇ ਰੇਸ ਦੇ ਮੋਟਰਸਾਈਕਲ ਹੋਰ ਤੇਜ ਭਜਾ ਲਈ ਤੇ ਸਹਾਇਕ ਥਾਣੇਦਾਰ ਸੁਲੱਖਣ ਸਿੰਘ ਨੂੰ ਸੜਕ ਤੇ ਕਰੀਬ ਤਿੰਨ ਸੌ ਮੀਟਰ ਤੱਕ ਘੜੀਸਦੇ ਲੈ ਗਏ।
ਪੁਲਿਸ ਅਧਿਕਾਰੀ ਨੇ ਦਿਲੇਰੀ ਨਾਲ ਮੋਟਰਸਾਈਕਲ ਦਾ ਕੈਰੀਅਰ ਫੜੀ ਰੱਖਿਆ ਅਤੇ ਅਖੀਰ ਕੁਝ ਰਾਹਗੀਰਾਂ ਨੇ ਹਿੰਮਤ ਕਰਕੇ ਪਿੱਛੇ ਬੈਠੇ ਵਿਅਕਤੀ ਨੂੰ ਹੇਠਾਂ ਸੁੱਟ ਲਿਆ ਪਰ ਚਾਲਕ ਬਾਈਕ ਸਮੇਤ ਫਰਾਰ ਹੋ ਗਿਆ।
ਸਹਾਇਕ ਥਾਣੇਦਾਰ ਸੁਲੱਖਣ ਸਿੰਘ ਮੁਤਾਬਕ ਨਾਕੇ ਤੋਂ ਲੰਘਦੀ ਬਿਨਾਂ ਨੰਬਰ ਦੀ ਬਾਈਕ ਤੇ ਸਵਾਰ ਵਿਅਕਤੀ ਸ਼ੱਕੀ ਲੱਗ ਰਹੇ ਸਨ, ਜਿਸ ਕਾਰਨ ਉਸਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਬਾਈਕ ਉਸਨੂੰ ਕਾਫੀ ਦੂਰ ਤੱਕ ਘੜੀਸਦੇ ਲੈ ਗਈ। ਥੋੜੀ ਦੂਰ ਤੱਕ ਤਾਂ ਉਸਨੂੰ ਯਾਦ ਹੈ ਪਰ ਅੱਗੇ ਤੱਕ ਸੜਕ ਨਾਲ ਰਗੜ ਲੱਗਣ ਤੇ ਉਹ ਫੱਟੜ ਹੋ ਗਿਆ ਅਤੇ ਉਹ ਬੇਸੁੱਧ ਹੋ ਗਿਆ।