ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਮੁਕੇਸ਼ ਸਿੰਘ, ਆਸ਼ੂਤੋਸ਼ ਸਿੰਘ ਅਤੇ ਸੰਨੀ ਚੌਧਰੀ ਵਾਸੀ ਜੰਮੂ ਵਜੋਂ ਹੋਈ ਹੈ। ਤਿੰਨੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਭੱਦਰਵਾਹ ਆਏ ਸਨ। ਦਰਅਸਲ, ਪੁਲਿਸ ਉਸ ਸਮੇਂ ਚੌਕਸ ਹੋ ਗਈ ਜਦੋਂ ਇੱਕ ਮ੍ਰਿਤਕ ਨੇ ਆਪਣੇ ਪਰਿਵਾਰ ਦੇ ਵਾਰ-ਵਾਰ ਫ਼ੋਨ ਕਰਨ ‘ਤੇ ਵੀ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।
ਡੋਡਾ ਦੇ ਐਸਐਸਪੀ ਸੰਦੀਪ ਮਹਿਤਾ ਨੇ ਇਸ ਸਾਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਜੰਮੂ ਤੋਂ ਫ਼ੋਨ ਆਇਆ ਕਿ ਆਸ਼ੂਤੋਸ਼ ਨਾਂ ਦਾ ਨੌਜਵਾਨ ਆਪਣੇ ਦੋ ਦੋਸਤਾਂ ਨਾਲ ਨਵਾਂ ਸਾਲ ਮਨਾਉਣ ਲਈ ਭਦਰਵਾਹ ਆਇਆ ਹੈ। ਉਹ ਫ਼ੋਨ ਕਾਲਾਂ ਦਾ ਜਵਾਬ ਨਹੀਂ ਦੇ ਰਿਹਾ ਹੈ।
ਸਾਡੀ ਟੀਮ ਨੇ ਉਨ੍ਹਾਂ ਦਾ ਪਤਾ ਲਗਾਇਆ ਅਤੇ ਉਹ ਇੱਕ ਹੋਟਲ ਦੇ ਕਮਰੇ ਵਿੱਚ ਸਨ। ਜਦੋਂ ਟੀਮ ਕਮਰੇ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋਈ ਤਾਂ ਤਿੰਨੇ ਨੌਜਵਾਨ ਬੇਹੋਸ਼ ਪਾਏ ਗਏ।
ਪੁਲਿਸ ਨੇ ਕਿਹਾ ਹੈ ਕਿ ਫੋਰੈਂਸਿਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬੇਹੋਸ਼ ਹੋਏ ਤਿੰਨ ਨੌਜਵਾਨਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਸਪੀ ਸੰਦੀਪ ਮਹਿਤਾ ਨੇ ਕਿਹਾ ਹੈ ਕਿ ਨੌਜਵਾਨਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਰਸਮੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਅਤੇ ਸ਼ੁਰੂਆਤੀ ਕਾਰਨ ਦਮ ਘੁਟਣਾ ਜਾਪਦਾ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।