13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਨਾਲ ਹੀ ਬਦਲਦੇ ਮੌਸਮ ਨੂੰ ਲੈ ਕੇ ਪਤੰਗ ਉਡਾਉਣ ਦੇ ਚਾਹਵਾਨਾਂ ਵੱਲੋਂ ਬਸੰਤ ਪੰਚਮੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਸ ਵਾਰ ਲੋਹੜੀ ‘ਤੇ ਵੀ ਪਤੰਗਬਾਜ਼ੀ ਨੂੰ ਲੈ ਕੇ ਕੁੱਝ ਵੱਖਰਾ ਵਿਖਾਈ ਦੇਣ ਵਾਲਾ ਹੈ, ਕਿਉਂਕਿ ਇਸ ਵਾਰ ਅਸਮਾਨ ਤੋਂ ਪਤੰਗਾਂ ਨਹੀਂ, ਸਗੋਂ ਅਸਲੀ ਨੋਟਾਂ ਦੀ ਬਾਰਿਸ਼ ਹੋਵੇਗੀ।
ਜੀ ਹਾਂ, ਇਹ ਸੱਚ ਹੈ ਇਸ ਵਾਰ ਬਾਜ਼ਾਰ ‘ਚ ਅਸਲੀ ਨੋਟ ਲੱਗੇ ਪਤੰਗ ਆਏ ਹਨ, ਜੋ ਹਰ ਇੱਕ ਦੀ ਖਿੱਚ ਦਾ ਕੇਂਦਰ ਬਣ ਰਹੇ ਹਨ। ਇਨ੍ਹਾਂ ਪਤੰਗਾਂ ਨੂੰ ਲੋਹੜੀ ‘ਤੇ ਸ਼ਗਨ ਵੱਜੋਂ ਵੀ ਵੇਖਿਆ ਜਾ ਰਿਹਾ ਹੈ।ਕਹਿੰਦੇ ਹਨ ਕਿ ਲੋਹੜੀ ਦਾ ਤਿਉਹਾਰ ਹੋਵੇ ਤੇ ਪਤੰਗਬਾਜ਼ੀ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਪਤੰਗਬਾਜ਼ੀ ਦੇ ਨਾਲ ਹੀ ਲੋਹੜੀ ਦੀ ਸ਼ੁਰੂਆਤ ਹੁੰਦੀ ਹੈ। ਲੁਧਿਆਣਾ ਦੇ ਵਿੱਚ ਦੁਕਾਨਦਾਰ ਇਸ ਵਾਰ ਬੜੀਆਂ ਖੂਬਸੂਰਤ ਪਤੰਗਾਂ ਵੇਚ ਰਹੇ ਹਨ। ਕਈ ਪਤੰਗਾਂ ‘ਤੇ 500-500 ਦੇ ਅਸਲੀ ਨੋਟ ਲੱਗੇ ਹਨ, ਤਾਂ ਕਈ ਪਤੰਗਾਂ ਤੇ 10 ਰੁਪਏ ਤੱਕ ਦੇ ਨੋਟ ਲੱਗੇ ਹਨ।
ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਨੋਟਾਂ ਵਾਲੇ ਪਤੰਗਾਂ ਦੀ ਵਿਕਰੀ 1100 ਤੋਂ ਲੈ ਕੇ 51000 ਤੱਕ ਹੋ ਰਹੀ ਹੈ। ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਲੈ ਕੇ ਵੀ ਪਤੰਗਬਾਜ਼ਾਂ ਵਿੱਚ ਕ੍ਰੇਜ਼ ਵੇਖਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪਤੰਗ ‘ਤੇ ਸਿੱਧੂ ਮੂਸੇਵਾਲੇ ਦੇ ਭਰਾ ਦਾ ਵੀ ਵੈਲਕਮ ਕੀਤਾ ਗਿਆ।
ਸਿੱਧੂ ਮੂਸੇਵਾਲੇ ਦੇ ਭਰਾ ਦੀ ਇਹ ਪਹਿਲੀ ਲੋਹੜੀ ਹੈ ਅਤੇ ਪਤੰਗਾਂ ਦੇ ਜਰੀਏ ਉਸ ਦਾ ਵੈਲਕਮ ਕੀਤਾ ਜਾ ਰਿਹਾ। ਬਾਜ਼ਾਰਾਂ ਦੇ ਵਿੱਚ ਸਿੱਧੂ ਮੂਸੇਵਾਲਾ ਅਤੇ ਉਸਦੇ ਭਰਾ ਦੀਆਂ ਲੱਗੀਆਂ ਫੋਟੋਆਂ ਵਾਲੇ ਪਤੰਗ ਭਾਰੀ ਗਿਣਤੀ ਦੇ ਵਿੱਚ ਵਿਕ ਰਹੇ ਹਨ।
ਆਪਣੀ ਤਸਵੀਰ ਵਾਲੇ ਪਤੰਗ ਵੀ ਉਡਾ ਸਕਦੇ ਹੋ ?
ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਵਾਰ ਜੇ ਤੁਸੀਂ ਆਪਣੀ ਫੈਮਿਲੀ ਵਾਲੀ ਲੱਗੀ ਫੋਟੋ ਵੀ ਪਤੰਗ ‘ਤੇ ਲਵਾ ਕੇ ਪਤੰਗਬਾਜ਼ੀ ਕਰਨਾ ਚਾਹੁੰਦੇ ਹੋ ਤਾਂ ਲੁਧਿਆਣਾ ਦੇ ਪਤੰਗ ਦੇ ਬਾਜ਼ਾਰਾਂ ਦੇ ਵਿੱਚ ਉਹ ਫੋਟੋ ਲਾ ਕੇ ਵੀ ਪਤੰਗਾਂ ਵੇਚੀਆਂ ਜਾ ਰਹੀਆਂ ਹਨ।