ਸਰਹਿੰਦ ਜੀ.ਟੀ. ਰੋਡ ਤੇ ਚਾਵਲਾ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ 2 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ। ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੁਗਨੂੰ ਰਾਜਭਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਨਾਲ ਉਸ ਦੇ ਤਾਏ ਦਾ ਲੜਕਾ ਸੰਦੀਪ ਕੁਮਾਰ , ਪ੍ਰਦੀਪ, ਕੰਪਨੀ ਵਿੱਚ ਲੇਬਰ ਦਾ ਕੰਮ ਕਰਦੇ ਹਨ ।
ਉਹ ਬੀਤੇ ਦਿਨ ਉਸ ਦੇ ਪਿੰਡ ਤੋਂ ਕੰਮ ਕਰਨ ਲਈ ਆਏ ਚੰਦਰ ਸ਼ੇਖਰ , ਰਸੀਦਪੁਰ ਤੇ ਦੂਰ ਦੇ ਰਿਸ਼ਤੇਦਾਰ ਲੁੱਟਨ ਰਾਜ ਭਾਰ ਨੂੰ ਵੀ ਸਰਹਿੰਦ ਬੁਲਾ ਲਿਆ ਸੀ।ਟਰੇਨ ਰਾਹੀਂ ਸ਼ਾਮ ਨੂੰ ਸਰਹਿੰਦ ਪੁੱਜ ਗਏ। ਉਹਨਾਂ ਦੋਵਾਂ ਨੂੰ ਲੈਣ ਲਈ ਸੰਦੀਪ, ਪ੍ਰਦੀਪ ਤੇ ਉਹ ਤਿੰਨੇ ਰੇਲਵੇ ਸਟੇਸ਼ਨ ਸਰਹਿੰਦ ਵਿਖੇ ਗਏ ਸੀ, ਸੰਦੀਪ ਕੁਮਾਰ, ਪ੍ਰਦੀਪ, ਚੰਦਰਸ਼ੇਖਰ ਅਤੇ ਲੂਟਨ ਚਾਰੇ ਵਿਅਕਤੀ ਉਸ ਤੋਂ ਥੋੜੀ ਦੂਰ ਅੱਗੇ-ਅੱਗੇ ਜਾ ਰਹੇ ਸਨ ਤੇ ਉਹ ਪਿੱਛੇ ਪਿੱਛੇ ਜਾ ਰਿਹਾ ਸੀ।
ਜਦੋਂ ਉਹ ਚਾਵਲਾ ਚੌਂਕ ਸਰਹਿੰਦ ਤੋਂ ਥੋੜ੍ਹਾ ਅੱਗੇ ਸਰਵਿਸ ਰੋਡ ਪਰ ਪੁੱਜੇ, ਤਾਂ ਉਹਨਾਂ ਦੇ ਪਿੱਛੇ ਸਰਹਿੰਦ ਵੱਲੋਂ ਆ ਰਹੇ ਇੱਕ ਤੇਲ ਵਾਲੇ ਟੈਂਕਰ ਨੇ ਸੜਕ ਕਿਨਾਰੇ ਜਾ ਰਹੇ ਚਾਰਾਂ ਉੱਪਰ ਟੈਂਕਰ ਚੜ੍ਹਾ ਦਿੱਤਾ। ਜਿਸ ਨਾਲ ਚਾਰਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਅਤੇ ਇਹਨਾਂ ਵਿੱਚੋਂ ਲੂਟਨ ਦੀ ਮੌਕੇ ਤੇ ਹੀ ਮੌਤ ਹੋ ਗਈ।
ਸੰਦੀਪ ਕੁਮਾਰ, ਪ੍ਰਦੀਪ ਉਰਫ ਵਿਨੋਦ ਅਤੇ ਚੰਦਰਸ਼ੇਖਰ ਨੂੰ ਜਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਪਹੁੰਚ ਕੇ ਸੰਦੀਪ ਕੁਮਾਰ ਦੀ ਵੀ ਮੌਤ ਹੋ ਗਈ।
ਜਦਕਿ ਪ੍ਰਦੀਪ ਉਰਫ ਵਿਨੋਦ ਅਤੇ ਚੰਦਰਸ਼ੇਖਰ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਜੁਗਨੂੰ ਰਾਜਭਰ ਦੇ ਬਿਆਨ ਤੇ ਟੈਂਕਰ ਚਾਲਕ ਹਰਦੀਪ ਸਿੰਘ ਦੇ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।