ਟਰੰਪ ਦੇ ਫੈਸਲਿਆਂ ਨੇ ਸ਼ੇਅਰ ਬਾਜ਼ਾਰ ਡੋਬਿਆ, ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਟਰੰਪ ਦੇ ਫੈਸਲਿਆਂ ਨੇ ਸ਼ੇਅਰ ਬਾਜ਼ਾਰ ਡੋਬਿਆ, ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ

ਮੁੰਬਈ (ਵੀਓਪੀ ਬਿਊਰੋ) Share market, stock, lose ਅਮਰੀਕਾ ਵੱਲੋਂ ਚੀਨੀ ਉਤਪਾਦਾਂ ’ਤੇ ਵਾਧੂ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਸ਼ੁਕਰਵਾਰ ਨੂੰ ਦੁਨੀਆ ਭਰ ਦੇ ਬਾਜ਼ਾਰਾਂ ’ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਇਸ ਦੇ ਦਬਾਅ ਹੇਠ ਘਰੇਲੂ ਸ਼ੇਅਰ ਬਾਜ਼ਾਰ ਦਾ ਮਾਨਕ ਸੂਚਕ ਅੰਕ ਸੈਂਸੈਕਸ 1,414 ਅੰਕ ਅਤੇ ਨਿਫਟੀ 420 ਅੰਕ ਡਿੱਗ ਗਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਦੀ ਨਿਰੰਤਰ ਵਿਕਰੀ ਅਤੇ ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਤ ਕੀਤਾ। ਇਸ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਹੋਇਆ 9 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,414.33 ਅੰਕ ਯਾਨੀ 1.90 ਫੀਸਦੀ ਦੀ ਗਿਰਾਵਟ ਨਾਲ 73,198.10 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 1,471.16 ਅੰਕ ਡਿੱਗ ਕੇ 73,141.27 ਅੰਕ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 420.35 ਅੰਕ ਯਾਨੀ 1.86 ਫੀਸਦੀ ਡਿੱਗ ਕੇ 22,124.70 ਅੰਕ ’ਤੇ ਬੰਦ ਹੋਇਆ।

ਇਸ ਗਿਰਾਵਟ ਨਾਲ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਪਿਛਲੇ ਸਾਲ 27 ਸਤੰਬਰ ਨੂੰ 85,978.25 ਅੰਕ ਦਾ ਰੀਕਾਰਡ ਬਣਾਉਣ ਤੋਂ ਬਾਅਦ ਹੁਣ ਤਕ 12,780.15 ਅੰਕ ਯਾਨੀ 14.86 ਫੀਸਦੀ ਡਿੱਗ ਚੁਕਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 27 ਸਤੰਬਰ 2024 ਦੇ 26,277.35 ਅੰਕ ਤੋਂ 4,152.65 ਅੰਕ ਯਾਨੀ 15.80 ਫੀਸਦੀ ਡਿੱਗ ਗਿਆ ਹੈ।

ਸੈਂਸੈਕਸ ਦੇ ਸਮੂਹ ’ਚ ਸ਼ਾਮਲ ਟੈਕ ਮਹਿੰਦਰਾ ਦਾ ਸ਼ੇਅਰ 6 ਫੀਸਦੀ ਤੋਂ ਜ਼ਿਆਦਾ ਡਿੱਗਿਆ, ਜਦਕਿ ਇੰਡਸਇੰਡ ਬੈਂਕ ’ਚ 5 ਫੀ ਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਇਨਫੋਸਿਸ, ਟਾਟਾ ਮੋਟਰਜ਼, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੈਸਲੇ ਅਤੇ ਮਾਰੂਤੀ ਦੇ ਸ਼ੇਅਰ ਵੀ ਪਿੱਛੇ ਰਹਿ ਗਏ। ਸੈਂਸੈਕਸ ਕੰਪਨੀਆਂ ’ਚ ਐਚ.ਡੀ.ਐਫ.ਸੀ. ਬੈਂਕ ਇਕਲੌਤਾ ਅਜਿਹਾ ਬੈਂਕ ਰਿਹਾ, ਜਿਸ ’ਚ ਵਾਧਾ ਦਰਜ ਕੀਤਾ ਗਿਆ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਰੀਸਰਚ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਵਿਕਰੀ ਦੀ ਧਾਰਨਾ ਦੇ ਵਿਚਕਾਰ ਘਰੇਲੂ ਬਾਜ਼ਾਰ ’ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਇਹ ਗਿਰਾਵਟ ਮੁੱਖ ਤੌਰ ’ਤੇ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕੀ ਆਯਾਤ ’ਤੇ 25 ਫ਼ੀਸਦੀ ਟੈਰਿਫ ਲਗਾਉਣ ਬਾਰੇ ਚਿੰਤਾਵਾਂ ਕਾਰਨ ਆਈ ਸੀ। ਇਸ ਦੇ ਨਾਲ ਹੀ ਚੀਨੀ ਸਾਮਾਨ ’ਤੇ 10 ਫੀਸਦੀ ਵਾਧੂ ਡਿਊਟੀ ਵੀ ਲਗਾਈ ਜਾਵੇਗੀ।

ਨਾਇਰ ਨੇ ਕਿਹਾ ਕਿ ਅਮਰੀਕਾ ਵਲੋਂ ਯੂਰਪੀਅਨ ਯੂਨੀਅਨ ਦੀ ਆਯਾਤ ’ਤੇ ਟੈਰਿਫ ਲਗਾਉਣ ਦੀ ਸੰਭਾਵਨਾ ਨੇ ਬਾਜ਼ਾਰ ਦੀ ਘਬਰਾਹਟ ਨੂੰ ਵਧਾ ਦਿਤਾ ਹੈ। ਅਜਿਹੇ ’ਚ ਨਿਵੇਸ਼ਕਾਂ ਦੀਆਂ ਨਜ਼ਰਾਂ ਭਾਰਤ ਦੇ ਜੀ.ਡੀ.ਪੀ. ਵਾਧੇ ਦੇ ਤਿਮਾਹੀ ਅੰਕੜਿਆਂ ’ਤੇ ਟਿਕੀਆਂ ਹੋਈਆਂ ਹਨ।

ਸਟਾਕਬਾਕਸ ਦੇ ਸੀਨੀਅਰ ਤਕਨਾਲੋਜੀ ਵਿਸ਼ਲੇਸ਼ਕ ਅਮੇਯ ਰਣਦਿਵੇ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਲਗਾਉਣ ਦੇ ਹੁਕਮ ਨੇ ਆਲਮੀ ਵਪਾਰ ਜੰਗ ਦਾ ਡਰ ਪੈਦਾ ਕਰਨਾ ਸ਼ੁਰੂ ਕਰ ਦਿਤਾ ਹੈ। ਇਸ ਤੋਂ ਇਲਾਵਾ ਅਮਰੀਕੀ ਅਰਥਵਿਵਸਥਾ ’ਚ ਆਈ ਮੰਦੀ ਵੀ ਨਿਵੇਸ਼ਕਾਂ ਦੀਆਂ ਚਿੰਤਾਵਾਂ ਵਧਾ ਰਹੀ ਹੈ।’’ ਰਣਦਿਵੇ ਨੇ ਕਿਹਾ, ‘‘ਫ਼ਰਵਰੀ ਦੀ ਸਮਾਪਤੀ ਭਾਰੀ ਗਿਰਾਵਟ ਕਾਰਨ ਹੋਣ ਨਾਲ ਹੀ ਨਿਫਟੀ-50 ਲਗਾਤਾਰ ਪੰਜਵੇਂ ਮਹੀਨੇ ਨੁਕਸਾਨ ਨਾਲ ਬੰਦ ਹੋਇਆ। ਇਹ ਲਗਭਗ ਤਿੰਨ ਦਹਾਕਿਆਂ ’ਚ ਨਿਫਟੀ ਦੀ ਲਗਾਤਾਰ ਸੱਭ ਤੋਂ ਲੰਬੀ ਮਹੀਨਾਵਾਰ ਗਿਰਾਵਟ ਹੈ।’’

ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ ਪੂੰਜੀ ਬਾਜ਼ਾਰ ’ਚ 556.56 ਕਰੋੜ ਰੁਪਏ ਦੇ ਸ਼ੇਅਰ ਵੇਚੇ। ਆਲਮੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.69 ਫੀਸਦੀ ਡਿੱਗ ਕੇ 73.53 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ।

error: Content is protected !!