3 ਦਿਨ ਜਾਮ ਰਹੇਗਾ ਸਰਕਾਰੀ ਬੱਸਾਂ ਦਾ ਚੱਕਾ, ਕਿਤੇ ਜਾਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਧਰਨੇ-ਪ੍ਰਦਰਸ਼ਨ ਕਰ ਕੇ ਮੁਲਾਜ਼ਮ ਤੇ ਕਿਸਾਨ-ਮਜ਼ਦੂਰ ਆਪਣੀਆਂ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਦੇ ਰਹਿੰਦੇ ਹਨ। ਪਹਿਲਾਂ ਜਿੱਥੇ ਕਿਸਾਨ – ਮਜ਼ਦੂਰ ਕਾਫੀ ਸਮਾਂ ਧਰਨੇ ਲਾ ਕੇ ਬੈਠੇ ਰਹੇ ਅਤੇ ਇਸ ਕਾਰਨ ਆਮ ਲੋਕ ਪਰੇਸ਼ਾਨ ਹੁੰਦੇ ਰਹੇ। ਉੱਥੇ ਹੀ ਹੁਣ ਫਿਰ ਤੋਂ ਆਮ ਲੋਕਾਂ ਦੇ ਲਈ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ, ਇਸ ਵਿੱਚ ਪੰਜਾਬ ਭਰ ਵਿੱਚ 3 ਦਿਨ ਲਈ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਰਿਹਾ ਹੈ। ਇਸ ਲਈ ਲੋਕਾਂ ਨੂੰ ਆਪਣਾ ਇੰਤਜ਼ਾਮ ਪਹਿਲਾ ਹੀ ਕਰ ਲੈਣਾ ਚਾਹੀਦਾ ਹੈ।

ਪੰਜਾਬ ਰੋਡਵੇਜ਼/ਪਨਬਸ/ਪੀਆਰਟੀਸੀ ਕੰਟ੍ਰੈਕਟ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਬੈਠਕ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿਲ ਦੀ ਅਗਵਾਈ ‘ਚ ਹੋਈ। ਇਸ ਵਿਚ ਯੂਨੀਅਨ ਦੇ ਸਾਰੇ ਡਿਪੂਆਂ ਦੇ ਮੁਲਾਜ਼ਮ ਸ਼ਾਮਲ ਹੋਏ। ਬੈਠਕ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਝੂਠੇ ਵਾਅਦੇ ਕਰ ਕੇ ਸਮਾਂ ਲੰਘਾ ਰਹੀ ਹੈ। ਆਉਟਸੋਰਸ ‘ਤੇ ਭਰਤੀ ਕਰ ਕੇ ਕਾਰਪੋਰੇਟ ਤੋਂ ਮੁਲਾਜ਼ਮਾਂ ਦਾ ਸ਼ੋਸ਼ਣ ਕਰਵਾਇਆ ਜਾ ਰਿਹਾ ਹੈ। ਇਸੇ ਦੌਰਾਨ ਵਿਭਾਗ ‘ਚ ਸਰਕਾਰੀ ਬੱਸਾਂ ਪਾਉਣ ਦੀ ਬਜਾਏ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਚਲਾਈਆਂ ਜਾ ਰਹੀਆਂ ਹਨ।