ਡੇਰੇ ਦੇ ਮਹੰਤ ‘ਤੇ ਪਿਓ-ਪੁੱਤ ਨੇ ਕੀਤਾ ਹਮਲਾ, ਇਸ ਨੂੰ ਲੈ ਕੇ ਭਖਿਆ ਮਾਹੌਲ
ਬਠਿੰਡਾ (ਵੀਓਪੀ ਬਿਊਰੋ) ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਨਾਥਾਂ ਦੇ ਡੇਰੇ ਵਿੱਚ ਅੱਜ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ, ਜਦੋਂ ਪਿਓ ਤੇ ਉਸਦੇ ਪੁੱਤਰਾਂ ਵੱਲੋਂ ਡੇਰੇ ਵਿੱਚ ਮੌਜੂਦ ਮਹੰਤ ਅਤੇ ਇੱਕ ਸੇਵਕ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਗਏ ਮਹੰਤ ਪਾਲ ਨਾਥ ਨੇ ਦੱਸਿਆ ਕਿ ਡੇਰੇ ਦੀ ਜ਼ਮੀਨ ਸੜਕ ਵਿੱਚ ਆਉਣ ਤੋਂ ਬਾਅਦ ਉਹਨਾਂ ਵੱਲੋਂ ਪਿੰਡ ਵਿੱਚ ਹੀ ਹੋਰ ਜ਼ਮੀਨ ਖਰੀਦੀ ਗਈ ਸੀ, ਇਸ ਜ਼ਮੀਨ ਦੀ ਅੱਜ ਮਿਣਤੀ ਰੱਖੀ ਗਈ ਸੀ ਪਰ ਇਸ ਤੋਂ ਪਹਿਲਾਂ ਹੀ ਪਿੰਡ ਦੇ ਰਹਿਣ ਵਾਲੇ ਪਿਓ ਪੁੱਤਾਂ ਵੱਲੋਂ ਉਹਨਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਮਹੰਤ ਪਾਲਨਾਥ ਅਤੇ ਪਿੰਡ ਵਾਸੀ ਸੁਖਪਾਲ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਦਾ ਇਲਾਜ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਡੇਰਾ ਮਹੰਤ ਪਾਲਨਾਥ ਦਾ ਕਹਿਣਾ ਹੈ ਕਿ ਪਿੰਡ ਦੇ ਕੁਝ ਲੋਕ ਖਰੀਦੀ ਗਈ ਜਮੀਨ ਤੇ ਆਪਣਾ ਹੱਕ ਜਤਾਉਂਦੇ ਹਨ ਜਦੋਂ ਉਹਨਾਂ ਵੱਲੋਂ ਮਿਣਤੀ ਕਰਾਉਣ ਸੰਬੰਧੀ ਸਮਾਂ ਰੱਖਿਆ ਗਿਆ ਤਾਂ ਇਸ ਤੋਂ ਪਹਿਲਾਂ ਹੀ ਡੇਰੇ ਵਿੱਚ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ , ਪੀੜਤਾਂ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਇਸ ਘਟਨਾਕ੍ਰਮ ਦੇ ਵਾਪਰਨ ਤੋਂ ਬਾਅਦ ਐੱਸ.ਪੀ.ਡੀ. ਜਸਮੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੂੰ ਜ਼ਮੀਨੀ ਵਿਵਾਦ ਸਬੰਧੀ ਝਗੜਾ ਹੋਣ ਦੀ ਸ਼ਿਕਾਇਤ ਮਿਲੀ ਹੈ, ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀਆਂ ਦੇ ਬਿਆਨ ਕਲਮ ਬੰਦ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।





