ਵੀਓਪੀ ਬਿਊਰੋ – ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ ਵਿੱਚ ਬੀਤੇ ਦਿਨ ਇਕ ਗੁਰਦੁਆਰੇ ਦੇ ਗ੍ਰੰਥੀ ਦੀ ਕੁੱਟਮਾਰ ਕਰਦੇ ਹੋਏ ਉਸ ਦੇ ਵਾਲ ਕੱਟ ਦਿੱਤੇ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ। ਉਕਤ ਗ੍ਰੰਥੀ ਇਲਾਕੇ ਦੇ ਪਿੰਡ ਮਿਲਕਪੁਰ ਦੇ ਗੁਰਦੁਆਰੇ ਦੇ ਸਾਬਕਾ ਗ੍ਰੰਥੀ ਗੁਰਬਖਸ਼ ਸਿੰਘ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਲੋਕਾਂ ਨੇ ਦੇਰ ਰਾਤ ਰਾਮਗੜ੍ਹ ਥਾਣੇ ਵਿੱਚ ਕੇਸ ਵੀ ਦਰਜ ਕਰਵਾਇਆ।ਉਸ ਨੇ ਦੱਸਿਆ ਕਿ ਉਹ ਦਵਾਈ ਲੈਣ ਲਈ ਆਪਣੀ ਬਾਈਕ ਉੱਤੇ ਜਾ ਰਿਹਾ ਸੀ, ਇਸ ਦੌਰਾਨ 5 ਬਦਮਾਸ਼ਾਂ ਨੇ ਉਸ ਨੂੰ ਰਾਹ ਵਿਚ ਰੋਕ ਕੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਪੱਟੀ ਬੰਨ ਦਿੱਤੀ ਅਤੇ ਉਸ ਦਾ ਗਲਾ ਵੱਢਣ ਦੀ ਗੱਲ ਕਰਨ ਲੱਗੇ। ਪੀੜਤ ਨੇ ਪੁਲਿਸ ਨੂੰ ਦੱਸਿਆ- ‘ਮੈਂ ਬਦਮਾਸ਼ਾਂ ਨੂੰ ਕਿਹਾ ਕਿ ਤੁਸੀਂ ਮੇਰੀ ਗਰਦਨ ਕਿਉਂ ਵੱਢ ਰਹੇ ਹੋ, ਮੈਂ ਗੁਰਦੁਆਰੇ ਦਾ ਪੁਜਾਰੀ ਹਾਂ। ਇਸ ਤੋਂ ਬਾਅਦ ਉਸ ਨੇ ਜੰਮੂ ਨਾਂ ਦੇ ਵਿਅਕਤੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਗੁਰੂਦੁਆਰੇ ਦਾ ਗ੍ਰੰਥੀ ਹੈ, ਮਿਲਕਪੁਰ ਦਾ ਨਹੀਂ ਅਤੇ ਸੀਕਰੀ ਦਾ ਰਹਿਣ ਵਾਲਾ ਹੈ। ਜੰਮੂ ਦੇ ਕਹਿਣ ‘ਤੇ ਬਦਮਾਸ਼ਾਂ ਨੇ ਮੇਰੀ ਗਰਦਨ ਨਹੀਂ ਕੱਟੀ, ਮੇਰੇ ਵਾਲ ਕੱਟੇ ਅਤੇ ਕੁੱਟਮਾਰ ਕਰਨ ਤੋਂ ਬਾਅਦ ਮੈਨੂੰ ਛੱਡ ਦਿੱਤਾ। ਜੰਮੂ ਨੇ ਉਸ ਨੂੰ ਕਿਹਾ ਸੀ ਕਿ ਜੇਕਰ ਉਹ ਗੁਰਦੁਆਰੇ ਦਾ ਪੁਜਾਰੀ ਹੈ ਤਾਂ ਉਸ ਦੇ ਵਾਲ ਕੱਟ ਦਿਓ, ਇੰਨਾ ਹੀ ਕਾਫੀ ਹੈ। ਇਸ ਤੋਂ ਬਾਅਦ ਬਦਮਾਸ਼ ਉਸ ਨੂੰ ਕਿਸੇ ਨੂੰ ਵੀ ਨਾ ਦੱਸਣ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਅਲਵਰ ਦੇ ਐਸਪੀ ਤੇਜਸਵਿਨੀ ਗੌਤਮ ਰਾਤ 10:30 ਵਜੇ ਰਾਮਗੜ੍ਹ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਹਸਪਤਾਲ ਵਿੱਚ ਸਾਬਕਾ ਗ੍ਰੰਥੀ ਗੁਰਬਖਸ਼ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਐਸਪੀ ਤੇਜਸਵਿਨੀ ਗੌਤਮ ਨੇ ਦੱਸਿਆ ਕਿ ਪੀੜਤ ਨੌਜਵਾਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।