ਭੀਖ ਮੰਗਣ ਵਾਲਿਆਂ ‘ਤੇ ਸ਼ੁਰੂ ਹੋਈ ਸਖਤੀ, ਪੰਜਾਬ ‘ਚ ਦਰਜ ਕੀਤੀ ਗਈ FIR

ਅੰਮ੍ਰਿਤਸਰ (ਵੀਓਪੀ ਬਿਊਰੋ) Punjab, begger, FIR, amritsar ਭੀਖ ਮੰਗਣ ਵਾਲਿਆਂ ਦੀ ਗਿਣਤੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਾਫੀ ਵਧ ਗਈ ਹੈ। ਧਾਰਮਿਕ ਸਥਾਨਾਂ ਦੇ ਬਾਹਰ ਦਾਂ ਭੀੜ-ਭਾੜ ਵਾਲੇ ਇਲਾਕਿਆਂ ‘ਚ ਵੱਡੀ ਤਦਾਦ ਵਿੱਚ ਭਿਖਾਰੀ ਘੁੰਮਦੇ ਰਹਿੰਦੇ ਹਨ। ਟ੍ਰੈਫਿਕ ਸਿਗਨਲ ਤਾਂ ਸ਼ਹਿਰ ਦਾ ਕੋਈ ਹੀ ਵਾਂਝਾ ਹੋਵੇਗਾ, ਜਿੱਥੇ ਭੀਖ ਮੰਗਣ ਵਾਲੇ ਨਾ ਦਿਖਾਈ ਦੇਣ। ਇਸ ਮਾਮਲੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ।
ਭੀਖ ਮੰਗਣ ਦੀ ਵਧਦੀ ਸਮੱਸਿਆ ‘ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ, ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿੱਚ ਪਹਿਲੀ ਕਾਰਵਾਈ ਕੀਤੀ ਹੈ। ਸ਼ਹਿਰ ਦੇ ਰਣਜੀਤ ਐਵੇਨਿਊ ਇਲਾਕੇ ਵਿੱਚ ਇੱਕ ਔਰਤ ਵਿਰੁੱਧ ਭੀਖ ਮੰਗਣ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਅਨੁਸਾਰ, ਉਕਤ ਔਰਤ ‘ਨਿਰਮਲਾ’ ਬੱਚਿਆਂ ਨੂੰ ਅੱਗੇ ਵਧਾ ਕੇ ਅਤੇ ਟ੍ਰੈਫਿਕ ਸਿਗਨਲਾਂ ‘ਤੇ ਵਾਹਨਾਂ ਦੇ ਨੇੜੇ ਜਾ ਕੇ ਭੀਖ ਮੰਗ ਰਹੀ ਸੀ।
ਇਹ ਕਾਰਵਾਈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ। ਰਣਜੀਤ ਐਵੇਨਿਊ ਥਾਣੇ ਦੇ ਇੰਚਾਰਜ ਰੌਬਿਨ ਹੰਸ ਨੇ ਪੁਸ਼ਟੀ ਕੀਤੀ ਕਿ ਡੀਸੀ ਦਫ਼ਤਰ ਵੱਲੋਂ ਭੇਜੀ ਗਈ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਔਰਤ ਅਤੇ ਉਸ ਦੇ ਨਾਲ ਦੇ ਬੱਚੇ ਕਿੱਥੇ ਰਹਿੰਦੇ ਹਨ ਅਤੇ ਕੀ ਉਹ ਅਸਲ ਵਿੱਚ ਉਸ ਦੇ ਬੱਚੇ ਹਨ ਜਾਂ ਕਿਸੇ ਗਿਰੋਹ ਨਾਲ ਜੁੜੇ ਹੋਏ ਹਨ।
ਸੂਬਾ ਸਰਕਾਰ ਦਾ ਇਹ ਕਦਮ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਸਰਗਰਮ ਭੀਖ ਮਾਫੀਆ ਅਤੇ ਜਾਅਲੀ ਢਾਂਚਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਸੰਕੇਤ ਹੈ। ਅੰਮ੍ਰਿਤਸਰ ਵਿੱਚ ਇਹ ਆਪਣੀ ਕਿਸਮ ਦੀ ਪਹਿਲੀ ਕਾਨੂੰਨੀ ਕਾਰਵਾਈ ਹੈ। ਪਰ ਇਸਦਾ ਸਪੱਸ਼ਟ ਸੰਦੇਸ਼ ਇਹ ਹੈ ਕਿ ਸਰਕਾਰ ਹੁਣ ਸੜਕਾਂ ‘ਤੇ ਭੀਖ ਮੰਗਣ ਦੇ ਪਿੱਛੇ ਛੁਪੀਆਂ ਸੰਸਥਾਵਾਂ ਅਤੇ ਧੋਖਾਧੜੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ।
ਐੱਸਐੱਚਓ ਰੌਬਿਨ ਹੰਸ ਨੇ ਕਿਹਾ ਕਿ ਸਾਨੂੰ ਡੀਸੀ ਦਫ਼ਤਰ ਤੋਂ ਲਿਖਤੀ ਸ਼ਿਕਾਇਤ ਮਿਲੀ ਸੀ। ਔਰਤ ਆਪਣੇ ਬੱਚਿਆਂ ਨੂੰ ਅੱਗੇ ਵਧਾ ਕੇ ਟ੍ਰੈਫਿਕ ਸਿਗਨਲਾਂ ‘ਤੇ ਭੀਖ ਮੰਗ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਇੱਕ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਹੁਣ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਬੱਚੇ ਕਿੱਥੋਂ ਲਿਆਂਦੇ ਗਏ ਹਨ ਅਤੇ ਔਰਤ ਦਾ ਉਨ੍ਹਾਂ ਨਾਲ ਕੀ ਸਬੰਧ ਹੈ।





