ਜੇਲ੍ਹ ‘ਚ ਬੰਦ ਮਜੀਠੀਆ ਨੂੰ ਮਿਲਣ ਪਹੁੰਚੀ ਪਤਨੀ ਗਨੀਵ ਕੌਰ, ਕਹਿੰਦੀ-ਸਭ ਚੜ੍ਹਦੀ ਕਲਾਂ ‘ਚ
ਨਾਭਾ (ਵੀਓਪੀ ਬਿਊਰੋ) ਡਰੱਗ ਤੇ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ 25 ਜੂਨ 2025 ਨੂੰ ਗ੍ਰਿਫ਼ਤਾਰੀ ਕੀਤੀ ਗਈ ਸੀ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਐਤਵਾਰ 7 ਜੁਲਾਈ ਨੂੰ ਉਨ੍ਹਾਂ ਨੂੰ ਮੁਹਾਲੀ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ 11 ਦਿਨਾਂ ਦੀ ਰਿਮਾਂਡ ਉੱਤੇ ਰੱਖਿਆ ਗਿਆ ਸੀ। ਐਤਵਾਰ ਨੂੰ ਉਨ੍ਹਾਂ ਦੇ ਪੇਸ਼ੀ ਮੌਕੇ ਅਦਾਲਤ ਦੇ ਬਾਹਰ ਸਖ਼ਤ ਸੁਰੱਖਿਆ ਤੈਨਾਤ ਕੀਤੀ ਗਈ ਸੀ, ਉੱਥੇ ਹੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਬਿਕਰਮ ਸਿੰਘ ਮਜੀਠੀਆ ਦੇ ਵਕੀਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਤੋਂ ਪ੍ਰੇਰਿਤ ਦੱਸ ਰਹੇ ਹਨ। ਵਿਜੀਲੈਂਸ ਦੀ ਇਸ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਮਜੀਠੀਆ ਧਿਰ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ।
ਉੱਥੇ ਹੀ ਗਨੀਵ ਕੌਰ ਮਜੀਠੀਆ ਨਾਭਾ ਜੇਲ੍ਹ ਵਿੱਚ ਆਪਣੇ ਪਤੀ ਬਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ। ਜੇਲ ਅੰਦਰ ਇੱਕ ਘੰਟਾ 20 ਮਿੰਟ ਮੁਲਾਕਾਤ ਚੱਲੀ ਮੁਲਾਕਾਤ ਤੋਂ ਬਾਅਦ ਬਾਹਰ ਆਉਂਦਿਆਂ ਗੱਲਬਾਤ ਕਰਦਿਆਂ ਕਿਹਾ ਕਿ ਮਜੀਠੀਆ ਸਾਬ ਚੜ੍ਹਦੀ ਕਲਾ ਵਿੱਚ ਹਨ ਸਰਕਾਰ ਧੱਕਾ ਕਰ ਰਹੀ ਹੈ।
ਪਹਿਲਾਂ ਡਰੱਗ ਮਾਮਲੇ ਵਿੱਚ ਜੇਲ ਵਿੱਚ ਰੱਖਿਆ ਤੇ ਹੁਣ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਅਧੀਨ ਮਾਮਲਾ ਦਰਜ ਕੀਤਾ ਹੈ, ਉਹਨਾਂ ਕਿਹਾ ਕਿ ਮਜੀਠੀਆ ਸਾਬ ਨੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਅਤੇ ਮਾਤਾ ਪਿਤਾ ਦਾ ਹਾਲਚਾਲ ਵੀ ਪੁੱਛਿਆ ਮਜੀਠੀਆ ਸਾਬ ਦੀ ਸਿਹਤ ਬਿਲਕੁਲ ਠੀਕ ਹੈ। ਮਜੀਠੀਏ ਦੇ ਵਕੀਲ ਨੇ ਗੱਲਬਾਤ ਕਰਦੇ ਹੋਏ ਕਿਹਾ ਮਜੀਠੀਆ ਜੇਲ ਅੰਦਰ ਰੱਬ ਦਾ ਨਾਮ ਲੈ ਰਹੇ ਹਨ। ਅਸੀਂ ਕੋਰਟ ਦੇ ਵਿੱਚ ਸਕਿਉਰਟੀ ਨੂੰ ਲੈ ਕੇ ਐਪਲੀਕੇਸ਼ਨ ਦਾਇਰ ਕੀਤੀ ਹੈ ਜਿਸ ਦੀ ਅਗਲੀ ਤਰੀਕ ਮਾਨਯੋਗ ਅਦਾਲਤ ਨੇ ਰੱਖੀ ਹੈ ਅਤੇ ਜਲਦੀ ਹੀ ਜਮਾਨਤ ਹੋ ਜਾਵੇਗੀ।





