ਪੰਜਾਬ ‘ਚ ਮੀਂਹ ਨੇ ਲਿਆਂਦੀ ਹਨੇਰੀ, ਤੋੜ ਸੁੱਟਿਆ 25 ਸਾਲਾਂ ਦਾ ਰਿਕਾਰਡ
ਜਲੰਧਰ (ਵੀਓਪੀ ਬਿਊਰੋ) ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਾਲਾਤ ਇਹ ਹਨ ਲੋਕ ਹੁਣ ਰੱਬ ਦੇ ਅੱਗੇ ਹੀ ਅਰਦਾਸ ਕਰ ਰਹੇ ਹਨ ਕਿ ਮੌਸਮ ਸਹੀ ਹੋਵੇ ਅਤੇ ਮੀਂਹ ਬੰਦ ਹੋਵੇ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਇਸ ਵਾਰ ਮੀਂਹ ਨੇ 25 ਸਾਲਾਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।
ਪੰਜਾਬ ’ਚ ਅਗਸਤ ਦੌਰਾਨ 253.7 ਮਿਲੀਮੀਟਰ ਮੀਂਹ ਪਿਆ, ਜੋ ਨਾ ਸਿਰਫ ਆਮ ਨਾਲੋਂ 74 ਫੀਸਦੀ ਵੱਧ ਹੈ, ਸਗੋਂ ਪਿਛਲੇ 25 ਸਾਲਾਂ ’ਚ ਸੂਬੇ ’ਚ ਸੱਭ ਤੋਂ ਵੱਧ ਵੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ’ਚ ਪਿਛਲੇ ਕੁੱਝ ਦਹਾਕਿਆਂ ’ਚ ਕਈ ਵਾਰ ਘੱਟ ਮੀਂਹ ਪਿਆ ਹੈ ਪਰ ਇਸ ਸਾਲ ਪਿਛਲੇ 25 ਸਾਲਾਂ ’ਚ ਅਗਸਤ ’ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਅਗਸਤ ਵਿਚ ਪੰਜਾਬ ਦੇ 23 ਜ਼ਿਲ੍ਹਿਆਂ ’ਚੋਂ 18 ਜ਼ਿਲ੍ਹਿਆਂ ਵਿਚ ਜ਼ਿਆਦਾ ਮੀਂਹ ਪਿਆ, ਜਦਕਿ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਰਗੇ ਕੁੱਝ ਜ਼ਿਲ੍ਹਿਆਂ ਵਿਚ ਘੱਟ ਮੀਂਹ ਪਿਆ। ਹਰਿਆਣਾ ਦੇ 22 ਵਿਚੋਂ 18 ਜ਼ਿਲ੍ਹਿਆਂ ’ਚ ਸਮੀਖਿਆ ਅਧੀਨ ਮਹੀਨੇ ’ਚ ਜ਼ਿਆਦਾ ਮੀਂਹ ਪਿਆ, ਜਦਕਿ ਭਿਵਾਨੀ ਅਤੇ ਅੰਬਾਲਾ ਸਮੇਤ ਚਾਰ ਜ਼ਿਲ੍ਹਿਆਂ ’ਚ ਘੱਟ ਬਾਰਸ਼ ਦਰਜ ਕੀਤੀ ਗਈ।
ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਅਤੇ ਹਰਿਆਣਾ ’ਚ ਪਿਛਲੇ 25 ਸਾਲਾਂ ’ਚ ਅਗਸਤ ’ਚ ਸਿਰਫ 5 ਵਾਰ ਜ਼ਿਆਦਾ ਬਾਰਸ਼ ਹੋਈ ਹੈ। ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਅਗਸਤ ’ਚ 308.5 ਮਿਲੀਮੀਟਰ ਬਾਰਸ਼ ਹੋਈ, ਜਦਕਿ ਇਸ ਮਹੀਨੇ ਆਮ ਤੌਰ ਉਤੇ 248.8 ਮਿਲੀਮੀਟਰ ਬਾਰਸ਼ ਹੁੰਦੀ ਹੈ।
ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਅਤੇ ਮੌਸਮੀ ਨਦੀਆਂ ਵਿਚ ਆਏ ਭਾਰੀ ਹੜ੍ਹਾਂ ਕਾਰਨ ਪੰਜਾਬ ਭਾਰੀ ਹੜ੍ਹਾਂ ਦੀ ਲਪੇਟ ਵਿਚ ਹੈ। ਸੱਭ ਤੋਂ ਵੱਧ ਪ੍ਰਭਾਵਤ ਜ਼ਿਲ੍ਹਿਆਂ ਵਿਚ ਗੁਰਦਾਸਪੁਰ, ਪਠਾਨਕੋਟ, ਫਾਜ਼ਿਲਕਾ, ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਸ਼ਾਮਲ ਹਨ।





