ਰੇ+ਪ ਕੇਸ ਦੇ ਮਾਮਲੇ ‘ਚ ਅਦਾਲਤ ਨੇ ਡੋਨਾਲਡ ਟਰੰਪ ਨੂੰ ਦਿੱਤਾ ਝਟਕਾ, ਰਾਸ਼ਟਰਪਤੀ ਬਣ ਕੇ ਵੀ ਨਹੀਂ ਹੋਇਆ ਫਾਇਦਾ
ਵੀਓਪੀ ਬਿਊਰੋ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਯੂਐੱਸ ਸਰਕਟ ਕੋਰਟ ਆਫ਼ ਅਪੀਲਜ਼ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਨ੍ਹਾਂ ਦੀ ਅਪੀਲ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪੱਤਰਕਾਰ ਅਤੇ ਲੇਖਕ ਈ. ਜੀਨ ਕੈਰੋਲ ਨੂੰ ਦਿੱਤੇ ਗਏ 83.3 ਮਿਲੀਅਨ ਡਾਲਰ (ਲਗਭਗ 693 ਕਰੋੜ ਰੁਪਏ) ਦੇ ਹਰਜਾਨੇ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
81 ਸਾਲਾ ਈ. ਜੀਨ
ਕੈਰੋਲ, ਜੋ ਕਿ ਐਲੇ ਮੈਗਜ਼ੀਨ ਦੇ ਸਾਬਕਾ ਕਾਲਮਨਵੀਸ ਸਨ, ਨੇ ਦੋਸ਼ ਲਗਾਇਆ ਸੀ ਕਿ ਟਰੰਪ ਨੇ 1990 ਦੇ ਦਹਾਕੇ ਵਿੱਚ ਨਿਊਯਾਰਕ ਦੇ ਇੱਕ ਡਿਪਾਰਟਮੈਂਟ ਸਟੋਰ ਦੇ ਡਰੈਸਿੰਗ ਰੂਮ ਵਿੱਚ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਟਰੰਪ ਨੇ 2019 ਵਿੱਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਸੀ ਕਿ ਕੈਰੋਲ “ਮੇਰੀ ਕਿਸਮ ਦੀ ਨਹੀਂ” ਸੀ ਅਤੇ ਉਸਨੇ ਆਪਣੀ ਕਿਤਾਬ ਵੇਚਣ ਲਈ ਇਹ ਕਹਾਣੀ ਬਣਾਈ ਸੀ।
ਅਦਾਲਤ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਕੇਸ ਦੇ ਅਸਾਧਾਰਨ ਅਤੇ ਗੰਭੀਰ ਹਾਲਾਤਾਂ ਨੂੰ ਦੇਖਦੇ ਹੋਏ ਜਿਊਰੀ ਦੁਆਰਾ ਦਿੱਤੇ ਗਏ ਹਰਜਾਨੇ ਪੂਰੀ ਤਰ੍ਹਾਂ ਜਾਇਜ਼ ਸਨ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਟਰੰਪ ਇਸ ਮਾਮਲੇ ਵਿੱਚ ਰਾਸ਼ਟਰਪਤੀ ਛੋਟ ਦਾ ਦਾਅਵਾ ਨਹੀਂ ਕਰ ਸਕਦੇ।
ਟਰੰਪ ਨੇ ਦਲੀਲ ਦਿੱਤੀ ਸੀ ਕਿ 2024 ਦੇ ਯੂਐੱਸ ਸੁਪਰੀਮ ਕੋਰਟ ਦੇ ਫੈਸਲੇ ਨੇ ਉਨ੍ਹਾਂ ਨੂੰ ਵਿਆਪਕ ਅਪਰਾਧਿਕ ਛੋਟ ਦਿੱਤੀ ਹੈ ਜੋ ਸਿਵਲ ਮੁਕੱਦਮਿਆਂ ‘ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 2019 ਵਿੱਚ ਉਨ੍ਹਾਂ ਦੇ ਬਿਆਨ ਰਾਸ਼ਟਰਪਤੀ ਦੇ ਅਧਿਕਾਰਤ ਫਰਜ਼ਾਂ ਦਾ ਹਿੱਸਾ ਸਨ, ਪਰ ਅਦਾਲਤ ਨੇ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।






