ਪੰਜਾਬ ‘ਚ ਏਜੀ ਵਾਲਾ ਵਿਵਾਦ ਖੜਾ ਕਰ ਕੇ ਮੁੱਖ ਮੰਤਰੀ ਮਾਨ ਪਹੁੰਚੇ ਕੇਜਰੀਵਾਲ ਦੀ ਸ਼ਰਨ ‘ਚ, ਸੰਕਟਮੋਚਨ ਚੱਢਾ ਵੀ ਨਾਲ…

ਪੰਜਾਬ ‘ਚ ਏਜੀ ਵਾਲਾ ਵਿਵਾਦ ਖੜਾ ਕਰ ਕੇ ਮੁੱਖ ਮੰਤਰੀ ਮਾਨ ਪਹੁੰਚੇ ਕੇਜਰੀਵਾਲ ਦੀ ਸ਼ਰਨ ‘ਚ, ਸੰਕਟਮੋਚਨ ਚੱਢਾ ਵੀ ਨਾਲ…

ਵੀਓਪੀ ਬਿਊਰੋ – ਬੀਤੀ ਦਿਨੀਂ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਨਵੇਂ ਏਜੀ ਵਿਨੋਦ ਘਈ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਦੇ ਨਾਲ ਹੀ ਸਿਆਸੀ ਵਿਰੋਧੀਆਂ ਤੇ ਕਈ ਸਿੱਖ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਪਹੁੰਚੇ ਹਨ। ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਮੌਜੂਦ ਹਨ।

ਤੁਹਾਨੂੰ ਦੱਸ ਦੇਇਏ ਕਿ ਮੁੱਖ ਮੰਤਰੀ ਭਗਵੰਤ ਮਾਨ ਕੱਲ ਹੀ ਦਿੱਲੀ ਪਹੁੰਚ ਗਏ ਸਨ। ਇਹ ਮੀਟਿੰਗ ਦਿੱਲੀ ਵਿੱਚ ਹੀ ਕੇਜਰੀਵਾਲ ਦੇ ਘਰ ਹੋ ਰਹੀ ਹੈ। ਇਸ ਦੌਰਾਨ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ, ਰਾਘਵ ਚੱਢਾ ਤੇ ਅਰਵਿੰਦ ਕੇਜਰੀਵਾਲ ਦੀ ਇਹ ਮੀਟਿੰਗ ਨਵੇਂ ਏਜੀ ਦੀ ਨਿਯੁਕਤੀ ਨੂੰ ਲੈ ਕੇ ਹੋ ਰਹੀ ਹੈ। ਇਸ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਇਸ ਮਾਮਲੇ ਵਿਚ ਕਾਫੀ ਘਿਰੀ ਹੋਈ ਹੈ। ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਇਹ ਮੀਟਿੰਗ ਇਸ ਮਾਮਲੇ ਸਬੰਧੀ ਹੀ ਹੋ ਰਹੀ ਹੈ।

ਇਸ ਤੋਂ ਪਹਿਲਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਮੁਲਜ਼ਮ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਪੈਰੋਕਾਰਾਂ ਦੇ ਵਕੀਲ ‘ਵਿਨੋਦ ਘਈ’ ਨੂੰ ਨਵਾਂ ਐਡਵੋਕੇਟ ਜਨਰਲ ਲਾ ਦਿੱਤਾ ਹੈ। ਉਹ ਇਸ ਗੱਲ ਦਾ ਸਖਤ ਵਿਰੋਧ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਕੇ ਸੱਤਾ ਵਿਚ ਆਈ ਸੀ ਪਰ ਹੁਣ ਧੋਖਾ ਦੇ ਰਹੀ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਵਿਨੋਦ ਘਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਡੇਰਾ ਸਿਰਸਾ ਮੁਖੀ ਤੇ ਉਸ ਦੇ ਪੈਰੋਕਾਰਾਂ ਦਾ ਵਕੀਲ ਹੈ ਤੇ ਪੰਜਾਬ ਸਰਕਾਰ ਉਸ ਨੂੰ ਐਡਵੋਕੇਟ ਜਨਰਲ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੋਈ ਇਨਸਾਫ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨਸਾਫ ਤਾਂ ਕੀ ਦੇਣਾ ਸੀ ਸਗੋਂ ਹਾਈਕੋਰਟ ਵਿਚ ਜਿਹੜਾ ਦੋਸ਼ੀਆਂ ਦੇ ਕੇਸ ਲੜ ਰਿਹਾ ਹੈ, ਉਸ ਨੂੰ ਐਡਵੋਕੇਟ ਜਨਰਲ ਲਾਇਆ ਜਾ ਰਿਹਾ ਹੈ।

error: Content is protected !!