ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ‘ਤੇ ਰੋਕ?
ਵੀਓਪੀ ਬਿਊਰੋ -ਚੰਡੀਗੜ੍ਹ ‘ਚ ਸਥਿਤ ਪੰਜਾਬ ਯੂਨੀਵਰਸਿਟੀ ‘ਚ ਬਾਹਰੀ ਲੋਕਾਂ ਦੇ ਪ੍ਰਦਰਸ਼ਨਾਂ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਪਟੀਸ਼ਨ ਪਾਈ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ (PIL) ਦਾਇਰ ਕਰਕੇ ਮੰਗ ਕੀਤੀ ਗਈ ਹੈ ਕਿ ਯੂਨੀਵਰਸਿਟੀ ਵਿੱਚ ਸਿਆਸੀ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਬਾਹਰੀ ਵਿਅਕਤੀਆਂ ਦੇ ਪ੍ਰਦਰਸ਼ਨਾਂ ‘ਤੇ ਰੋਕ ਲਗਾਈ ਜਾਵੇ।
ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਧਰਨਿਆਂ ਲਈ ਥਾਂ ਨਿਰਧਾਰਤ ਕੀਤੀ ਜਾਵੇ, ਪਟੀਸ਼ਨਕਰਤਾ ਸੁਭਾਸ਼ ਸਹਿਗਲ ਨੇ ਅਪੀਲ ਕੀਤੀ ਹੈ ਕਿ ਸਾਰੇ ਧਰਨੇ ਅਤੇ ਰੈਲੀਆਂ ਸਿਰਫ਼ ਸੈਕਟਰ 25 ਦੇ ਰੈਲੀ ਗਰਾਊਂਡ ਤੱਕ ਹੀ ਸੀਮਤ ਰੱਖੀਆਂ ਜਾਣ। ਕੈਂਪਸ ‘ਚ ਵਾਹਨਾਂ ‘ਤੇ ਰੋਕ ਲਾਈ ਜਾਵੇ, ਜਿਵੇਂ ਕਿ ਯੂਨੀਵਰਸਿਟੀ ਕੈਂਪਸ ਦੇ ਅੰਦਰ ਟਰੈਕਟਰ-ਟਰਾਲੀਆਂ, ਹਥਿਆਰਾਂ ਅਤੇ ਡੰਡਿਆਂ ਦੇ ਦਾਖਲੇ ‘ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਸਲਿਆਂ ਦੇ ਹੱਲ ਲਈ ਰਜਿਸਟਰਾਰ ਦੀ ਅਗਵਾਈ ਹੇਠ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ, ਜੋ 15 ਦਿਨਾਂ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ ਕਰੇ। ਪ੍ਰਸ਼ਾਸਨਿਕ ਬਲਾਕ ਅਤੇ ਪ੍ਰੀਖਿਆ ਕੇਂਦਰਾਂ ਦੀ ਸੁਰੱਖਿਆ ਵਧਾਉਣ ਅਤੇ ਹਿੰਸਾ ਕਰਨ ਵਾਲਿਆਂ ਖਿਲਾਫ਼ ਤੁਰੰਤ ਐਫਆਈਆਰ (FIR) ਦਰਜ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਪਟੀਸ਼ਨ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਅਤੇ ‘ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ’ ਦੀਆਂ ਆਗਾਮੀ ਗਤੀਵਿਧੀਆਂ ਨੂੰ ਰੋਕਣ ਲਈ ਪਾਈ ਗਈ ਹੈ।


